ਭਾਰਤ ਵਿੱਚ ਹਰ ਸਾਲ ਡੇਂਗੂ, ਮਲੇਰੀਆਂ ਦੀ ਬਿਮਾਰੀ ਨਾਲ ਕਈ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਭਾਵੇਂ ਸਰਕਾਰ ਬਹੁਤ ਉਪਰਾਲੇ ਵੀ ਕਰਦੀ ਰਹਿੰਦੀ ਹੈ। ਪਿੰਡਾਂ, ਸ਼ਹਿਰਾਂ ਕਸਬਿਆਂ, ਕਾਲੋਨੀਆਂ, ਸੁਸਾਇਟੀਆਂ ਵਿੱਚ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ। ਪ੍ਰੰਤੂ ਫਿਰ ਵੀ ਇਹ ਡੇਂਗੂ ਮੱਛਰ ਪੈਦਾ ਹੁੰਦੇ ਹੀ ਰਹਿੰਦੇ ਹਨ। ਸੋ, ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਡੇਂਗੂ ਮੱਛਰ ਦਾ ਸਾਹਮਣਾ ਕਰਨ ਦੀ ਲੋੜ ਹੈ। ਇਹ ਇੱਕ ਛੋਟਾ ਜਿਹਾ ਜੀਵ (ਮੱਛਰ) ਸਾਡੀਆਂ ਕੀਮਤੀ ਜਾਨਾਂ ਦਾ ਜਿੰਮੇਵਾਰ ਹੈ। ਇਸ ਨੂੰ ਖਤਮ ਕਰਨ ਨਾਲ ਹੀ ਸਾਡੀ ਜ਼ਿੰਦਗੀ ਨੂੰ ਅੱਗੇ ਬੜਾਵੇ ਦਿੱਤਾ ਜਾ ਸਕਦਾ ਹੈ।
ਡੇਂਗੂ ਸੰਕ੍ਰਮਿਤ ਇਸਤਰੀ/ਮਾਦਾ ਦੇ ਏਡੀਜ, ਅਜਿਪਟੀ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਦੇ ਸਰੀਰ ਤੇ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਸੰਕ੍ਰਮਿਤ ਮੱਛਰ ਕਿਸੇ ਵੀ ਸਿਹਤਮੰਦ ਵਿਅਕਤੀ ਨੂੰ ਕੱਟ ਲੈਂਦਾ ਹੈ ਤਾਂ ਡੇਂਗੂ ਉਸ ਸਿਹਤਮੰਦ ਵਿਅਕਤੀ ਅੰਦਰ ਚਲਾ ਜਾਂਦਾ ਹੈ।
ਲੱਛਣ : ਤੇਜ ਠੰਡ ਲੱਗ ਕੇ ਬੁਖਾਰ ਆਉਣਾ, ਸਿਰ ਦਰਦ, ਅੱਖਾਂ ਵਿੱਚ ਦਰਦ, ਜੀ ਮਚਲਾਉਣਾ, ਉਲਟੀ, ਦਸਤ ਲੱਗਣਾ ਇਸ ਦੀ ਨਿਸ਼ਾਨੀਆਂ ਹੁੰਦੀਆਂ ਹਨ।
ਡੇਂਗੂ ਮੱਛਰ ਹਮੇਸ਼ਾਂ ਦਿਨ ਵੇਲੇ ਹੀ ਕੱਟਦਾ ਹੈ। ਇਸ ਦਾ ਵੀ ਧਿਆਨ ਰੱਖਣਾ ਜਰੂਰੀ ਹੈ। ਇਹ ਸਾਫ ਰੁਕੇ ਪਾਣੀ ਉੱਤੇ ਹੀ ਬੈਠਦਾ ਹੈ ਅਤੇ ਇਹ ਬਹੁਤ ਉੱਚਾ ਨਹੀਂ ਉੱਡਦਾ ਨੀਵਾ ਹੀ ਉੱਡਦਾ ਹੈ। ਮੌਸਮ ਬਦਲਦੇ ਹੀ ਸਾਨੂੰ ਕਈ ਵਾਰ ਹਲਕਾ ਬੁਖਾਰ ਜਾਂ ਸਿਰ ਦਰਦ ਹੋਵੇ ਤਾਂ ਵੀ ਸਾਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਇਸ ਦੀ ਸਲਾਹ ਲੈਣੀ ਜਰੂਰੀ ਬਣਦੀ ਹੈ। ਇਸ ਨੂੰ ਅਣਗੋਲਿਆ ਨਾ ਕਰਕੇ ਸਾਨੂੰ ਆਪਣੀ ਸਿਹਤ ਦੀ ਜਾਂਚ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਜਾ ਕੇ ਇਸ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
ਡੇਂਗੂ ਬਿਮਾਰੀ ਦਾ ਟੈਸਟ ਹਸਪਤਾਲ ਵਿੱਚ ਸਰਕਾਰ ਵਲੋਂ ਫਰੀ ਕੀਤੇ ਜਾਂਦੇ ਹਨ। ਡੇਂਗੂ ਦੇ ਲੱਛਣਾ ਬਾਰੇ ਪਤਾ ਚੱਲਦੇ ਹੀ ਸਾਨੂੰ ਇਹ ਟੈਸਟ ਕਰਾਉਣ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਹੈ।
ਬਦਲਦੇ ਮੌਸਮ ਦੇ ਕਾਰਨ ਸਾਡੇ ਆਲੇ- ਦੁਆਲੇ ਮੱਛਰਾਂ ਦੀ ਭਰਮਾਰ ਵੱਧ ਜਾਂਦੀ ਹੈ। ਥਾਂ -ਥਾਂ ਸਾਫ ਖੜ੍ਹਾ ਪਾਣੀ ਮੱਛਰਾਂ ਦੀ ਫੌਜ ਤਿਆਰ ਕਰਨ ਵਿੱਚ ਸਹਾਈ ਹੁੰਦਾ ਹੈ। ਨਗਰ ਨਿਗਮਾਂ ਜਾਂ ਕਮੇਟੀਆਂ ਨੂੰ ਵੀ ਇਹਨਾਂ ਮੱਛਰਾਂ ਦੀ ਰੋਕਥਾਮ ਲਈ ਸਮੇਂ -ਸਮੇਂ ’ਤੇ ਦਵਾਈਆਂ ਦਾ ਛਿੜਕਾਅ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਾਡਾ ਆਲਾ- ਦੁਆਲੇ ਸਾਫ ਸੁਥਰਾ ਰਹੇ ਤੇ ਇਹਨਾਂ ਮੱਛਰਾਂ ਤੇ ਹੋਣ ਵਾਲੇ ਨੁਕਸਾਨ ਤੋਂ ਬਚਾਉ ਹੋ ਸਕੇ।
ਇਹਨਾਂ ਮੱਛਰਾਂ ਦੇ ਬਚਾਉ ਲਈ ਸਾਨੂੰ ਆਪਣੇ ਘਰਾਂ ਦੇ ਅੰਦਰ ਪਈਆਂ ਚੀਜ਼ਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਆਪਣੇ ਕੂਲਰਾਂ ਦੇ ਪਾਣੀ ਨੂੰ ਥੋੜੇ ਦਿਨਾਂ ਬਾਅਦ ਬਦਲ ਚਾਹੀਦਾ ਹੈ ਤੇ ਗੰਦਾ ਪਾਣੀ ਖੜਨ ਨਹੀਂ ਦੇਣਾ ਚਾਹੀਦਾ। ਕਈ ਵਾਰ ਸਾਡੇ ਬਾਹਰ ਪਏ ਸਮਾਨ ਜਿਵੇਂ ਕਿ ਟਾਇਰਾਂ, ਗਮਲੇ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਕਿ ਅਸੀਂ ਧਿਆਨ ਨਹੀਂ ਦਿੰਦੇ। ਉਹਨਾਂ ਨੂੰ ਬਰਸਾਤ ਪੈਣ ਤੋਂ ਬਾਅਦ ਤੁਰੰਤ ਖਾਲੀ ਕਰ ਦੇਣਾ ਚਾਹੀਦਾ ਹੈ। ਘਰ ਅੰਦਰ ਪੀਣ ਵਾਲਾ ਪਾਣੀ ਜਾਂ ਕੰਮ ਲਈ ਇਸਤੇਮਾਲ ਕਰਨ ਵਾਲਾ ਪਾਣੀ ਵੀ ਢੱਕ ਕੇ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ, ਕਿਉਂਕਿ ਇਹਨਾਂ ਉਤੇ ਹੀ ਮੱਛਰ ਆ ਕੇ ਬੈਠਦੇ ਹਨ ਜੋ ਕਿ ਇਹਨਾਂ ਮੱਛਰਾਂ ਦੇ ਘਰਾਂ ਅੰਦਰ ਆਉਣ ਦਾ ਸੁਨੇਹਾ ਹੁੰਦਾ ਹੈ।
ਬਲਜਿੰਦਰ ਕੌਰ ਸ਼ੇਰਗਿੱਲ


Very informative
ReplyDeleteThanks ji
DeleteGood story
ReplyDelete