Sunday, May 31, 2026

ਵਰਕੇ

ਭਰ-ਭਰ ਮੁਹੱਬਤਾਂ ਦੇ ਵਰਕੇ ਹੋ ਗਏ ਸੀ ਝੱਲੇ,
ਪਤਾ ਨਹੀਂ ਸੀ ਇੱਕ ਦਿਨ ਰਹਿ ਜਾਣਾ ਕੱਲੇ।

ਦਿਲ ਦੀ ਧੜਕਣ ਵੀ ਰੁਕ-ਰੁਕ ਚੱਲੇ,
ਜਦ ਗੈਰਾਂ ਸੁਣਾਏ ਉਹਦੇ ਕਿੱਸੇ ਅਵੱਲੇ।

ਉਹਦੀ ਬੇਵਫ਼ਾਈ ਦੇ ਵਰਕੇ ਜਦ ਮੈਂ ਥੱਲੇ,
ਤੜਫ਼ੀ ਰੂਹ ਦੀ ਤਾਂ ਰੂਹ ਵੀ ਨਿਕਲੀ, ਨੀਰ ਵਹਾਅ ਅਸੀਂ ਹੋ ਗਏ ਝੱਲੇ।

ਹਰ ਪਾਸੇ ਹੋਇਆ ਘੁੱਪ ਹਨ੍ਹੇਰਾ,
ਵਿਚ ਭੁਲੇਖੇ ਰੱਖ ਉਨ੍ਹਾਂ ਦਿਲ ਦੇ ਜਖ਼ਮ ਕਰ ਦਿੱਤੇ ਸੀ ਅੱਲ੍ਹੇ।

ਜਮੀਰ ਆਪਣੀ ਉਹ ਮਾਰ ਮੁਕਾ ਕੇ,
ਹੋ ਗਏ ਨੇ ਜਿਸਮਾਂ ’ਚ ਝੱਲੇ।

‘ਬਲਜਿੰਦਰ’ ਵਰਕੇ ਸੁੱਚੇ ਮੋਤੀਆਂ (ਹਰਫ਼ਾਂ) ਨਾਲ ਜੜ ਚੱਲੇ,
ਖ਼ੈਰ ਹੋਵੇ ਜਿਨ੍ਹਾਂ ਦਰਦ, ਪੀੜਾਂ ਬੇਵਜ੍ਹਾ ਸਾਡੇ ਵੱਲ ਘੱਲੇ।

ਭਰ-ਭਰ ਮੁਹੱਬਤਾਂ ਦੇ ਵਰਕੇ ਹੋ ਗਏ ਸੀ ਝੱਲੇ,
ਪਤਾ ਨਹੀਂ ਸੀ ਇੱਕ ਦਿਨ ਰਹਿ ਜਾਣਾ ਕੱਲੇ।

ਬਲਜਿੰਦਰ ਕੌਰ ਸ਼ੇਰਗਿੱਲ


Saturday, May 30, 2026

ਨਗ਼ਮੇ



ਕੁਝ ਨਗ਼ਮੇ ਅਸੀਂ ਵੀ ਗਾ ਲੈਂਦੇ ਹਾਂ ,
ਗਾ ਕੇ ਦਿਲ ਪ੍ਰਚਾਅ ਲੈਂਦੇ ਹਾਂ। 

ਕਦੇ ਹੱਸ ਕੇ ਕਦੇ ਰੋ ਕੇ ਵਕ਼ਤ ਲੰਘਾ ਲੈਂਦੇ ਹਾਂ,
ਖੁਦ ਨੂੰ ਖੁਦ ਨਾਲ ਮਿਲਾ ਲੈਂਦੇ ਹਾਂ।

ਤਨ ਰੂਪੀ ਇਸ ਲਿਬਾਸ ਨੂੰ,
ਖਾਕ ਦੀ ਢੇਰੀ ਵਿਖਾ ਲੈਂਦੇ ਹਾਂ।

ਮੁਹੱਬਤੀ ਰੂਹਾਂ ਨਾਲ ਮਹਿਫ਼ਲ ਸਜਾ ਕੇ,
ਹਰ ਪਾਸੇ ਪਿਆਰ ਹੀ ਪਿਆਰ ਵੰਡਾਂ ਲੈਂਦੇ ਹਾਂ।

"ਬਲਜਿੰਦਰ" ਚੜ ਕੇ ਵਫ਼ਾ ਦੀ ਚੱਕੀ,
ਪੀੜਾਂ ਨੂੰ ਗਲ਼ ਲਾ ਲੈਂਦੇ ਹਾਂ।

ਬਲਜਿੰਦਰ ਕੌਰ ਸ਼ੇਰਗਿੱਲ

Friday, May 29, 2026

ਵਕਤ ਦਾ ਪਹੀਆ



ਆ ਗਿਆ ਇਹ ਕਿਹੜਾ ਦੌਰ, 

ਚੱਲ ਰਿਹਾ ਕੋਈ ਵੱਡਾ ਸ਼ੋਰ।


ਡਾਲੀ-ਡਾਲੀ ਦਾ ਰਸ ਪੀ ਰਿਹਾ ਭੌਰ, 

ਵਾਂਗ ਫਿਰੇ ਬਾਗਾਂ ਵਿਚ ਜਿਵੇਂ ਮੌਰ। 


ਹੁੰਦੇ ਇਹ ਦਿਲਾਂ ਦੇ ਚਿੱਤ ਚੋਰ,

ਦਿਲਾਂ ਵਿਚ ਰੱਖਦੇ ਨੇ ਜੋ ਖੋਰ।


ਜ਼ੁਬਾਨ ਤੇ ਮਿੱਠੇ ਦਿਲ ਦੇ ਹੁੰਦੇ ਕੁਝ ਹੋਰ,

ਨਕਾਬ ਸਰੀਫ਼ੀ ’ਚ ਹੁੰਦੇ ਨਸਲੀ ਆਦਮਖੌਰ।   


ਜਿੰਦੇ ਕਰ ਮਜ਼ਬੂਤ ਖ਼ੁਦ ਨੂੰ ਅੱਗੇ ਤੋਰ, 

ਕਰ ਨਾ ਐਸੇ ਆਦਮ ’ਤੇ ਤੂੰ ਹੁਣ ਗੌਰ। 


ਵਕਤ ਦਾ ਪਹੀਆ ਚੱਲੇ ਜੋਰੋ ਜੋਰ,

‘ਬਲਜਿੰਦਰ’ ਕਰ ਨਾ ਖ਼ੁਦ ਨੂੰ ਤੂੰ ਕਮਜ਼ੋਰ। 

 

ਬਲਜਿੰਦਰ ਕੌਰ ਸ਼ੇਰਗਿੱਲ 

Thursday, May 28, 2026

‘‘ਆ ਨੀ ਚਿੜੀਏ ਪਾਣੀ ਪੀ ’’ ਪੁਸਤਕ ’ਚ ਵੱਖ-ਵੱਖ ਲੇਖਕਾਂ ਦੇ ਵਿਚਾਰ ਚਿੜੀਆਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਫ਼ਿਕਰਮੰਦੀ ਬਾਕਮਾਲ

‘‘ਆ ਨੀ ਚਿੜੀਏ ਪਾਣੀ ਪੀ ’’ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਦੀ ਸੰਪਾਦਿਤ ਪੁਸਤਕ ਵਿਚੋਂ ਅੱਜ ਨੀਲਮ ਨਾਰੰਗ ਵਲੋਂ ਚਿੜੀਆਂ ਬਾਰੇ ਲਿਖਿਆ ਲੇਖ ਪੜਿ੍ਹਆ।  ਇਸ ਲੇਖ ਵਿਚ ਨੀਲਮ ਨਾਰੰਗ ਜੀ ਨੇ ਚਿੜੀਆਂ ਦੀ ਪ੍ਰਜਾਤੀ ਨੂੰ ਬਚਾਉਣ ਅਤੇ ਬੱਚਿਆਂ ਨੂੰ ਪੰਛੀਆਂ ਦੀ ਦੁਨੀਆਂ ਨਾਲ ਜਾਣੂੰ ਕਰਵਾਉਣ ਬਾਰੇ, ਕੁੜੀਆਂ ਦੀ ਤੁਲਨਾ ਚਿੜੀਆਂ ਨਾਲ ਕਰਦੇ ਹੋਏ ਕੁੜੀਆਂ ਕੋਲ ਵੀ ਜਿਉਣ ਲਈ ਖੁੱਲ੍ਹੇ ਅਸਮਾਨ ਹੁੰਦੇ ਹਨ ਬਾਰੇ ਗੱਲ ਕਰਦੇ ਹੋਏ ਕੁੜੀਆਂ ਨੂੰ ਚਿੜੀਆ ਤੋਂ ਕਿਤੇ ਅੱਗੇ ਨਿਕਲਣ ਬਾਰੇ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਘਰਾਂ ਵਿਚ ਟੰਗੇ ਆਲ੍ਹਣਿਆਂ ਦੇ ਦਿਖਾਵੇ ਦੱਸਿਆ ਹੈ, ਉਨ੍ਹਾਂ ਕਿਹਾ ਅਸਲ ਵਿਚ ਚਿੜੀਆਂ ਦੀ ਗੰਦ ਕੋਈ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਨਵੇਂ ਘਰ ਬਣਾਉਣ ਵਕਤ ਚਿੜੀਆਂ ਲਈ ਮੋਘੇ ਰੱਖਣ ਦਾ ਯਤਨ ਕਰਨ ਬਾਰੇ ਆਖਿਆ ਹੈ ਤਾਂ ਕਿ ਚਿੜੀਆਂ ਆਪਣੇ ਆਲ੍ਹਣੇ ਬਣਾ ਸਕਣ।  ਉਨ੍ਹਾਂ ਦਾ ਪੰਛੀਆਂ ਵੱਲ ਫ਼ਿਕਰਮੰਦ ਹੋਣਾ ਭਾਵ ਚਿੜੀਆਂ ਦੀ ਪ੍ਰਜਾਤੀ ਖ਼ਤਮ ਹੋਣ ਤੋਂ ਬਚ ਸਕੇ ਲੇਖ ਤੋਂ ਅਨੁਭਵ ਹੋਈ ਹੈ ਜੋ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਘੱਟ ਹੈ। 

‘‘ਆ ਨੀ ਚਿੜੀਏ ਪਾਣੀ ਪੀ ’’ ਪੁਸਤਕ ਵਿਚ ਜਸਵਿੰਦਰ ਸਿੰਘ ਕਾਈਨੌਰ ਵਲੋਂ ਚਿੜੀ ਨੂੰ ਇੱਕ ਛੋਟਾ ਜਿਹਾ ਪੰਛੀ ਹੀ ਨਹੀਂ ਸਗੋਂ ਰੌਣਕ ਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਛੋਟਾ ਤੇ ਖੂਬਸੂਰਤ ਪੰਛੀ ਹੈ ਜਿਸ ਦੀ ਛੋਟੀ ਚੁੰਝ ਮਜ਼ਬੂਤ ਹੋਣ ਦੇ ਨਾਲ ਨਾਲ ਬੀਜ ਖਾਣ ਲਈ ਢੁਕਵੀ ਹੁੰਦੀ ਹੈ।  ਉਨ੍ਹਾਂ ਨੇ ਲੇਖ ਵਿਚ ਦੱਸਿਆ ਕਿ ਪੰਛੀਆਂ ਨੂੰ ਪਾਣੀ ਪਿਲਾਉਣ ਨਾਲ ਮਨੁੱਖ ਦੇ ਅੰਦਰਲੇ ਅਹੰਕਾਰ ਦੂਰ ਹੁੰਦਾ ਹੈ ਅਤੇ ਉਹ ਪੰਛੀਆਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ  ਬਾਖੂਬੀ ਨਿਭਾਉਂਦਾ ਹੈ। ਉਨ੍ਹਾਂ ਨੇ ਪੰਛੀਆਂ ਦੇ ਅਲੋਪ ਹੋਣ ਦਾ ਕਾਰਨ ਤਰਾਰ ਤਰੰਗਾਂ, ਟਾਵਰ ਲੱਗਣ, ਜੰਗਲ ਕੱਟਣ ਕਰਕੇ ਪੰਛੀਆਂ ਦੇ ਰੈਣ ਬਸੇਰੇ ਉਜਾੜਣੇ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਨੇ ਆਪਣੇ ਲੇਖ ਵਿਚ ਦੱਸਿਆ ਕਿ ਆ ਨੀ ਚਿੜੀਏ ਪਾਣੀ ਪੀ ਇੱਕ ਸੱਦਾ ਹੀ ਨਹੀਂ ਦੇ ਰਿਹਾ ਸਗੋਂ ਮਨੁੱਖ ਨੂੰ ਪੰਛੀਆਂ ਭਾਵ ਚਿੜੀਆਂ ਦੀ ਯਾਦ ਵੀ ਕਰਵਾ ਰਿਹਾ ਹੈ। 


 ਬਲਜਿੰਦਰ ਕੌਰ ਸ਼ੇਰਗਿੱਲ 

Wednesday, May 27, 2026

ਸੁਣ ਪੁਕਾਰ



ਸੁਣ ਪੁਕਾਰ ਪੰਡਤਾਂ ਦੀ,
ਉੱਠੇ ਮੇਰੇ ਦਾਤਾਰ।
 
ਤੁਰੇ ਦਿੱਲੀ ਵੱਲ ਨੂੰ ,
ਮੇਰੀ ਸੱਚੀ ਸਰਕਾਰ |

"ਹਿੰਦ ਦੀ ਚਾਦਰ" ਪਾਤਸ਼ਾਹ,
ਪਹੁੰਚੇ ਦਿੱਲੀ ਦਰਬਾਰ।

ਰੱਬੀ ਰੂਪ ਸੀ ਮੁੱਖ 'ਤੇ,
ਜੋ ਸਭ ਦੇ ਕਰਤਾਰ |

ਆਪਣਾ ਸੀਸ ਕਟਵਾ ਲਿਆ,
ਜਾਵਾਂ ਮੈਂ ਬਲਿਹਾਰ |

ਹਿੰਦੂ ਧਰਮ ਬਚਾ ਲਿਆ,
ਮੇਰੇ ਸਿਰਜਣਹਾਰ |

ਐਸਾ ਸਾਕਾ ਨਹੀਂ ਹੋਇਆ,
ਸਾਰੇ ਵਿਚ ਜਹਾਨ |

''ਬਲਜਿੰਦਰ'' ਰੂਹਾਂ ਕੰਬੀਆਂ
ਜਾਵਾਂ ਮੈਂ ਕੁਰਬਾਨ।

ਬਲਜਿੰਦਰ ਕੌਰ ਸ਼ੇਰਗਿੱਲ

Tuesday, May 26, 2026

ਜ਼ਿੰਦਗੀ ਦਾ ਦੌਰ

 



ਜ਼ਿੰਦਗੀ ਦਾ ਕੈਸਾ ਦੌਰ ਆ ਗਿਆ,

ਪਲਾਂ ਵਿਚ ਸਭ ਕੁਝ ਮੁਕਾ ਗਿਆ।


ਰੰਗੀਨ ਖ਼ੁਆਬ ਬੁਣੇ ਸੀ ਜੋ ਦਿਲ ਨੇ,

ਸਭ ਉਧੇੜ ਕੇ ਮਿੱਟੀ ਪਾ ਗਿਆ।


ਇਸ਼ਕੇ ਦੀ ਐਸੀ ਪਈ ਮਾਰ,

ਹੌਕਿਆਂ ਵਿਚ ਸਭ ਕੁਝ ਵਹਾਅ ਗਿਆ।


ਜੋ ਨਾ ਸੋਚਿਆ ਸੀ ਅੱਜ ਤੱਕ ਕਦੇ,

ਅੱਜ ਉਹੀ ਅੱਖੀਂ ਦੇਖ ਘਬਰਾ ਗਿਆ।


ਵਫ਼ਾ ਦੀ ਚੱਕੀ ਚੜ੍ਹਦੇ ਰਹੇੇ ਜਿਸ ਲਈ,

ਉਹੀ ਦਗੇਬਾਜ਼ ਰੂਹ ਤੜਫ਼ਾ ਗਿਆ।


ਧੁਰੋਂ ਆਏ ਹਰਫ਼ ‘ਬਲਜਿੰਦਰ’ ਅੰਦਰ,

ਮੌਲਾ ਨਜ਼ਮਾਂ ਹੱਥੀਂ ਲਿਖਾ ਗਿਆ। 


ਜ਼ਿੰਦਗੀ ਦਾ ਕੈਸਾ ਦੌਰ ਆ ਗਿਆ,

ਪਲਾਂ ਵਿਚ ਸਭ ਕੁਝ ਮੁਕਾ ਗਿਆ।


ਬਲਜਿੰਦਰ ਕੌਰ ਸ਼ੇਰਗਿੱਲ 

Monday, May 25, 2026

ਲਿਖਤਾਂ



ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,

ਮੇਰੇ ਧੁਰ ਅੰਦਰ ਜਾ ਵੜਦੇ ਨੇ। 


ਇਹ ਸੱਚ ਨਿਰਾ, ਨਾ ਝੂਠ ਕੋਈ,

ਕਈ ਕਮੈਂਟ ਐਸੇ ਆ ਖੜ੍ਹਦੇ ਨੇ।


ਮੇਰੇ ਖਿਆਲਾਂ ਦੀ ਬੁਣਤੀ ਉਦੇੜਦੇ ਨੇ,

ਮੇਰੇ ਅੰਦਰ ਹਰਫ਼ ਆ ਵੜਦੇ ਨੇ।


ਕਈ ਆਖਣ ਇਹ ਸ਼ਬਦ ਮੇਰੇ ’ਤੇ ਹੀ ਜੁੜਦੇ ਨੇ,

ਸਾਰਾ ਸਿਹਰਾ ਨਾਚੀਜ਼ ਦੇ ਸਿਰ ਮੜਦੇ ਨੇ।


ਰੋਜ਼ ਸ਼ਬਦ ਮੇਰੇ ਨਾਲ ਲੜਦੇ ਨੇ,

ਮੇਰੀਆਂ ਲਿਖ਼ਤਾਂ ਆ ਘੜ੍ਹਦੇ ਨੇ।


ਜਿਹੜੇ ਕਲਮ ਨੂੰ ਸਲਾਮਾਂ ਕਰਦੇ ਨੇ,

ਉਹ ਚੁੱਲ੍ਹੇ ’ਤੇ ਦੁੱਧ ਨੂੰ ਦੇਖ ਰਹੇ ਕੜ੍ਹਦੇ ਨੇ।


ਕਈ ਹੂਕ ਦਿਲਾਂ ਦੀ ਦੱਸਦੇ ਨੇ,

ਗੁਲਾਬਾਂ ਦੀ ਮਹਿਕ ਨੂੰ ਆ ਫੜਦੇ ਨੇ।


ਕਈ ਮੁਬਾਰਕਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ,

ਕਹਿੰਦੇ ਲੇਖਕ ਦੇ ਮਨੋਭਾਵ ਪੱਤਿਆਂ ਵਾਂਗ ਝੜਦੇ ਨੇ।


ਕਈ ਨਵੀਂ ਰਚਨਾ ਦੀ ਉਡੀਕ ਕਰਦੇ ਨੇ,

ਕਈ ਅੰਦਰੋਂ-ਅੰਦਰੀਂ ਸੜ੍ਹਦੇ ਨੇ।


ਕਈ ਪਾਠਕ ਮੇਰੇ ਪੱਕੇ ਨੇ,

ਜੋ ਰੂਹਾਂ ਦੇ ਸੱਚੇ ਨੇ।


ਮੈਂ ਸ਼ੁਕਰਗੁਜ਼ਾਰ ਸਭ ਦੀ ਹਾਂ,

ਜੋ ਮੇਰੇ ਸਫ਼ਰ ’ਚ ਛੱਤਰੀ ਤਾਣ ਖੜ੍ਹਦੇ ਨੇ।


ਕਈ ‘‘ਬਲਜਿੰਦਰ’’ ਨੂੰ ਮਿਲਣਾ ਚਾਹੁੰਦੇ ਨੇ,

ਜਿਹੜੇ ਮੇਰੇ ਕਲਮਬੱਧ ਨਜ਼ਮਾਂ ਨੂੰ ਪੜ੍ਹਦੇ ਨੇ।


ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,

ਮੇਰੇ ਧੁਰ ਅੰਦਰ ਜਾ ਵੜਦੇ ਨੇ। 


ਬਲਜਿੰਦਰ ਕੌਰ ਸ਼ੇਰਗਿੱਲ 

 

Sunday, May 24, 2026

ਅੱਗ


ਤਪਦੀ ਗਰਮੀ ਸੇਕ ਧੁੱਪ ਦਾ,

ਕੜਕ-ਕੜਕ ਕਰਦੀ ਕਣਕ ਖੇਤ ਵਿੱਚ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਆਇਆ ਸੁਨੇਹਾ ਘਰ ਤੋਂ,

ਖੇਤਾਂ ਨੂੰ ਭੱਜਦਾ ਜਾਵਾਂ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਕਿੰਝ ਬੁਝਾਵਾਂ, ਕਿੰਝ ਪਾਣੀ ਪਾਵਾਂ,

ਮਚੀ ਭੱਜੜ ਇੱਕਠੇ ਹੋ ਗਏ ਸਭ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਨਿਕਲੇ ਮੇਰੇ ਅੰਦਰੋਂ ਸੇਕ,

ਫੜ ਕਲੇਜਾ ਧਾਹਾਂ ਮਾਰਾਂ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਗਰਮੀ ਤੋਂ ਵੱਧ ਤਪਦਾ ਜਾਵਾਂ,

ਸ਼ਾਰਟ ਸਰਕਟ ਨੂੰ ਲਾਂਭੇ ਪਾਵਾਂ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਤੇਜ਼ ਹਵਾਵਾਂ ਚੱਲਦੀਆਂ ਪਈਆਂ, 

ਸਭ ਸੜ ਕੇ ਸਵਾਹ ਕਰ ਗਈਆਂ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਫਾਇਰ ਬ੍ਰਿਗੇਡ ਨੇ ਆ ਕੇ,

ਤੱਪਦਾ ਸੇਕ ਠਾਰ ਦਿੱਤਾ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਕਣਕ ਦੀ ਨਾੜ ਸੜ ਗਈ ਸਭ,

ਬਚਿਆ ਨਾ ਪੱਲੇ ਮੇਰੇ ਕੱਖ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਮਿਹਨਤ ’ਤੇ ‘ਬਲਜਿੰਦਰ’ ਪਾਣੀ ਫਿਰ ਗਿਆ,

ਮੁਆਵਜ਼ਾ ਮਿਲੇਗਾ ਪਤਾ ਨੀਂ ਕਦ,

ਹਾਏ! ਅੱਗ ਲੱਗੀ ਮੇਰੇ ਖੇਤ ਵਿੱਚ।


ਬਲਜਿੰਦਰ ਕੌਰ ਸ਼ੇਰਗਿੱਲ 


Saturday, May 23, 2026

ਬਾਬਾ ਨਾਨਕ


ਆਇਆ ਪੀਰ,
ਜਗਤ ਨੂੰ ਤਾਰਣ
ਪ੍ਰਗਟ ਹੋਇਆ, ਬਾਬਾ ਨਾਨਕ।


ਰੱਬੀ ਰੂਪ,
ਹੈ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।

ਦਾਇਆ ਧਾਰੀ,
ਕਲਯੁਗ ਦਾ ਹੈ ਅਵਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।


ਮਹਿਤਾ ਕਾਲੂ, ਘਰ ਪੈਦਾ ਹੋਇਆ,
ਨੂਰ ਇਲਾਹੀ,
ਪ੍ਰਗਟ ਹੋਇਆ, ਬਾਬਾ ਨਾਨਕ ।

ਤਿ੍ਰਪਤਾ ਦੀ ਕੁੱਖ ਹੈ,
ਭਾਗਾਂ ਵਾਲੀ,
ਪ੍ਰਗਟ ਹੋਇਆ, ਬਾਬਾ ਨਾਨਕ।

ਮੋਦੀਖਾਨੇ ਬੈਠ ਕੇ,
ਤੇਰਾਂ-ਤੇਰਾਂ ਜਾਵੇ, ਤੋਲੀ,
ਪ੍ਰਗਟ ਹੋਇਆ, ਬਾਬਾ ਨਾਨਕ।

ਵੇਈ ਨਦੀ ’ਚ, ਟੁੱਭੀ ਮਾਰੀ,
ਸੱਚ ਖੰਡ ਗਏ, ਬਨਵਾਰੀ,
ਪ੍ਰਗਟ ਹੋਆਂ, ਬਾਬਾ ਨਾਨਕ।


ਤਿੰਨ ਦਿਨਾਂ ਬਾਅਦ, ਪ੍ਰਗਟ ਹੋਏ,
ਤੱਪ ਕੀਤਾ, ਫਿਰ ਨਿੰਰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।


ਵੱਲ ਆਉਂਦਾ, ਦੂਰੋਂ ਪੱਥਰ ਭਾਰੀ,  
ਇੱਕ ਹੱਥ ਰੋਕਿਆ, ਕਰ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।

ਸੁੱਟਿਆ ਪੱਥਰ, ਵਲੀ ਕੰਧਾਰੀ,
ਅੰਤ ਚਰਨੀਂ, ਪੈ ਗਿਆ ਸੀ ਹੰਕਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।

ਚਾਰ ਦਿਸ਼ਾਵਾਂ ਦੀ, ਕਰ ਉਦਾਸੀ,
ਸਾਰੀ ਖਲਕਤ, ਸੀ ਤਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।

ਭਰਮ ਭੁਲੇਖੇ ਮਿਟਾ ਕੇ,
ਸੱਚਾ ਸੌਦਾ ਕੀਤਾ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।

ਕਰ ਲੱਤਾਂ ਬੈਠਾ, ਬਾਬਾ ਮਸੀਤ ਵਿਚ,
ਮੱਕਾ ਘੁੰਮਿਆ ਕਈ ਵਾਰੀ।
ਪ੍ਰਗਟ ਹੋਇਆ, ਬਾਬਾ ਨਾਨਕ।
ਪ੍ਰਗਟ ਹੋਇਆ, ਬਾਬਾ ਨਾਨਕ।
 
ਬਲਜਿੰਦਰ ਕੌਰ ਸ਼ੇਰਗਿੱਲ

Friday, May 22, 2026

ਫੁੱਲ



ਫੁੱਲਾ ਵੇ ਫੁੱਲਾ , ਤੂੰ ਤਾਂ ਬੜੀ ਮਹਿਕ ਖਿਲੇਰੀ,
ਵੇਖਦਿਆਂ ਹੀ ਤੈਨੂੰ ਰੂਹ ਖਿੜ ਗਈ ਮੇਰੀ।


ਕੰਡਿਆਂ ਸੰਗ ਖਿੜ੍ਹਿਆ ਦੇਖ ਤੈਨੂੰ ਮਿਟ ਗਈ ਉਦਾਸੀ ਮੇਰੀ,

ਜਿਵੇਂ ਤੂੰ ਆਖੇ ਮੈਨੂੰ ਆਜਾ ਖਿੜ ਜਾ ਵਾਂਗ ਮੇਰੀ।


ਤੇਰੀ ਇੱਕ ਛੋਹ ਨੇ ਮੇਰੇ ਦਿਲ ’ਚ ਲਿਆ ਦਿੱਤੀ ਨੇਰੀ,

ਝੱਲ੍ਹੇ ਜਿਹੇ ਦਿਲਾਂ ਨਾਲ ਤੇਰੀ ਹੈ ਸਾਂਝ ਬਥੇਰੀ।


ਮਨਮੋਹਣੀ ਤੇਰੀ ਸੂਰਤ ਸੋਹਣੀ ਮੁਰਝਾਏ ਦਿਲ ਗਲੀ ਆਉਂਦੇ ਤੇਰੀ,

ਤਿੱਤਲੀਆਂ ਨੇ ਬਹਾਰਾਂ ਲਾਈਆਂ ਕਈਆਂ ਨੇ ਲੈ ਲਈ ਸੈਲਫੀ ਤੇਰੀ।


ਨਹੀਓਂ, ਤੇਰੀ ਉਮਰ ਲੰਮੇਰੀ ਪਰ ਤੇਰੀ ਮਹਿਮਾ ਘਣੀ ਘਨੇਰੀ,

ਸੂਰਜ ਦੀਆਂ ਕਿਰਨਾਂ ਪੈਂਦੇ ਹੀ ਖਿੜ-ਖਿੜ ਲਿਆ ਤੀਂ ਹਨ੍ਹੇਰੀ।



ਮਿੰਨੀ-ਮਿੰਨੀ ਹਵਾ ਜਦ ਚੱਲੇ ਲੋਕੀਂ ਆ ਖੜ੍ਹਦੇ ਤੈਨੂੰ ਘੇਰੀ,

‘ਬਲਜਿੰਦਰ’ ਦੀ ਤਾਂ ਜਾਨ ਕੱਢ ਲਈ ਜਦ ਤੱਕੀ ਜੋੜੀ ਤੇਰੀ।

ਫੁੱਲਾ ਵੇ ਫੁੱਲਾ , ਤੂੰ ਤਾਂ ਬੜੀ ਮਹਿਕ ਖਿਲੇਰੀ,
ਵੇਖਦਿਆਂ ਹੀ ਤੈਨੂੰ ਰੂਹ ਖਿੜ ਗਈ ਮੇਰੀ।

ਬਲਜਿੰਦਰ ਕੌਰ ਸ਼ੇਰਗਿੱਲ 

ਕਾਲੇ ਦਿਲ

ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,

ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।


ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ,

ਮਨ ਦੇ ਭਾਵਾਂ ਨੂੰ ਉਕੇਰਨ ਲਾ ਦਿੱਤਾ।


ਮੈਨੂੰ ਮੇਰੇ ਨਾਲ ਹੀ ਜਾਣੂੰ ਕਰਾਂ ਦਿੱਤਾ,

ਮੇਰੀ ਜ਼ਿੰਦਗੀ ਰੁਸ਼ਨਾ ਕੇ ਵੱਡੇ ਕਾਮੇ ਲਾ ਦਿੱਤਾ।


ਮੈਨੂੰ ਰੋਂਦੀ ਰੋਂਦੀ ਨੂੰ ਸ਼ਬਦ ਫੜਾ ਦਿੱਤੇ,

ਮੇਰੇ ਅੰਦਰਲੇ ਉਜਾਲੇ ਨਾ ਮੈਨੂੰ ਮਿਲਾ ਦਿੱਤਾ।


ਮੈਥੋਂ ਦੂਰ ਨਾ ਹੋਣਾ ਮੇਰੇ ਕੋਲ ਹੀ ਖਲੋ ਜਾਣਾ,

ਜਦ ਲਿਖਾਂ ਅੱਖਰ ਮੈਂ ਜਿਹਨ ’ਚ ਸੁਮੰਦਰ ਬਣ ਆਉਣਾ।


ਹੁਣ ਅੱਖਰ ਹੀ ਜ਼ਿੰਦਗੀ ਨੇ ਅੱਖਰ ਹੀ ਹੈ ਗਹਿਣਾ,

ਸਾਫ਼ ਸੁਥਰੇ ਸ਼ਬਦ ਲਿਖੇ ‘‘ਬਲਜਿੰਦਰ’’ ਨੂੰ ਕਹਿਣਾ।


ਇਨ੍ਹਾਂ ਕਾਲੇ ਦਿਲ ਦਿਆਂ ਨੇ ਮੈਨੂੰ ਲਿਖਣ ਲਾ ਦਿੱਤਾ,

ਜ਼ਿੰਦਗੀ ਦਾ ਕੈਦਾ ਮੇਰੇ ਹੱਥ ਫੜਾ ਦਿੱਤਾ।

ਬਲਜਿੰਦਰ ਕੌਰ ਸ਼ੇਰਗਿੱਲ 

Thursday, May 21, 2026

ਰੱਬ ਨੂੰ ਚਿੱਠੀ






ਵਿਸ਼ਾ -ਮਨੁੱਖਾ ਜ਼ੋਨ ਦਾ ਸ਼ੁਕਰਾਨਾ ਅਤੇ ਗੰਦੀ ਨਸਲ ਦੇ ਆਦਮਖੋਰ ਬਾਰੇ


ਮੇਰੇ ਮੁਰਸ਼ਦ ਜੀ,

ਲਿਖਤੁਮ , ਬਲਜਿੰਦਰ ਕੌਰ ਸ਼ੇਰਗਿੱਲ ਮੁਰਸ਼ਦ ਜੀ, ਤੁਹਾਡੇ ਦਿੱਤੇ ਸਾਹਾਂ ਦੀ ਦਾਤ ਕਰਕੇ ਮੈਂ ਠੀਕ ਠਾਕ ਹਾਂ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਅੰਦਰ ਦੇ ਹਾਵ ਭਾਵ ਨੂੰ ਜਾਣ ਸਕੋਗੇ। ਮੇਰੇ ਰੱਬ ਜੀ ਮੇਰਾ ਇੱਕ -ਇੱਕ ਸਾਹ ਤੁਹਾਡਾ ਦੇਣਦਾਰ ਹੈ ਜਿਨ੍ਹਾਂ ਨੇ ਮੈਨੂੰ ਮੁਨੱਖਾ ਜਨਮ ਦੇ ਕੇ ਮੇਰੀ ਰੂਹ ਨੂੰ ਆਪ ਜੀ ਦੇ ਚਰਨਾਂ ਵਿਚ ਲਗਾ ਰੱਖਿਆ ਹੈ। 

ਮੇਰੇ ਵਾਹਿਗੁਰੂ ਜੀ ਤੁਹਾਡੇ ਕੋਟਿ ਆਸਰੇ ਸਦਕਾ ਮੇਰਾ ਜਵੀਨ ’ਤੇ ਤੁਹਾਡੀ ਹੀ ਕ੍ਰਿਪਾ ਕਰਕੇ ਚੱਲ ਰਿਹਾ ਹੈ।  ਮੇਰੇ ਰੱਬ ਜੀ,  ਮਾਂ ਕਹਿੰਦੀ ਹੁੰਦੀ ਹੈ ਜਦ ਤੂੰ ਪੇਟ ਵਿਚ ਸੀ ਤਾਂ ਮੈਂ ਨੰਗੇ ਪੈਰੀ ਤੁਰ ਹਰ ਰੋਜ ਗੁਰਦੁਆਰੇ ਜਾਂਦੀ ਹੁੰਦੀ ਸੀ, ਉਨ੍ਹਾਂ ਨੂੰ ਇੱਕ ਪੱਤਰ ਦੀ ਤੁਹਾਡੇ ਤੋਂ ਆਸ ਸੀ ਪਰ ਮੈਂ ਮਾਂ ਦੀ ਕੁੱਖੋਂ ਧੀ ਬਣ ਜਨਮ ਲਿਆ, ਮਾਂ ਦੇ ਪੇਟ ਵਿਚ ਹੀ ਤੁਹਾਡੇ ਨਾਮ ਸਿਮਰਨ ਦਾ ਪ੍ਰਵਾਹ ਮੇਰੇ ਅੰਦਰ ਚਲ ਪਿਆ ਸੀ। 

ਪ੍ਰਭੂ ਜੀ ਅੱਜ ਉਹੀ ਮਾਂ ਬਾਪ ਮੇਰੇ ’ਤੇ ਫ਼ਖਰ ਕਰਦੇ ਹਨ। ਉਨ੍ਹਾਂ ਨੂੰ ਤੁਸੀਂ ਧੀ ਨਹੀਂ ਪੱਤਰ ਹੀ ਦਿੱਤਾ ਹੈ ਰੱਬ ਜੀ।

ਮੇਰੇ ਮੁਰਸ਼ਦ ਜੀ, ਤੁਹਾਡੇ ਸ਼ੁਕਰਾਨੇ ਮੇਰੇ ਉਤੇ ਐਨੇ ਹਨ ਜਿਨ੍ਹਾਂ ਨੂੰ ਮੈਂ ਲਫ਼ਜ਼ਾਂ ਵਿਚ ਬਿਆਨ ਤਾਂ ਨਹੀਂ ਕਰ ਸਕਦੀ ਪਰ ਹਾਂ ਥੌੜੇ ਜਿਹੇ ਸ਼ਬਦਾਂ ਰਾਹੀਂ ਮੈਂ ਆਪਣੀ ਅੰਤਰ ਆਤਮ ਤੋਂ ਲਿਖ ਰਹੀ ਹਾਂ ਕਿ ਪ੍ਰਭੂ ਜੀ ਤੁਸੀਂ ਮੇਰੇ ਬਾਰੇ ਜੋ ਸਹੀ ਸੋਚਿਆਂ ਉਹੀ ਕੀਤਾ। ਮੈਨੂੰ ਅੱਜ ਲਿਖਦੇ ਹੋਏ ਆਪਣੇ ਆਪ ’ਤੇ ਫ਼ਖਰ ਹੋ ਰਿਹਾ ਹੈ ਕਿ ਜਿਸ ਚੀਜ਼ ਦਾ ਮੈਨੂੰ ਕਦੇ ਕੋਈ ਇਲਮ ਵੀ ਨਹੀਂ ਸੀ ਉਹ ਤੁਸੀਂ ਮੇਰੇ ਹੱਥੋਂ ਕਰਵਾਉਗੇ। 

ਮੈਨੂੰ  ਬਹੁਤ ਹੀ ਪਿਆਰ ਕਰਨ ਵਾਲੀ ਮਾਂ ਬਾਪ ਦੇ ਘਰ ਜਨਮ ਮਿਲਿਆ, ਮੈਨੂੰ ਗੁਰਸਿੱਖ ਹਮਸਫ਼ਰ ਮਿਲਿਆ, ਦੋ ਪੱਤਰਾਂ ਦੀ ਦਾਤ ਮੇਰੀ ਝੋਲੀ ਵਿਚ ਪਾਈ, ਮੈਨੂੰ ਕਲਮ ਦੀ ਦਾਤ ਬਖ਼ਸੀ ਹੋਰ ਸਭ ਕੁਝ ਦੁਨਿਆਵੀ ਲੋੜਾਂ ਪੂਰੀਆਂ ਕੀਤੀਆਂ। ਪ੍ਰਭੂ ਜੀ ਆਪ ਜੀ ਦੀ ਕ੍ਰਿਪਾ ਨਾਲ ਮੈਂ ਅੱਜ ਅੱਖਰੀ ਦੁਨੀਆਂ ਦੇ ਘੇਰਾ ਵਿਚ ਆਪਣੇ ਆਪ ਨੂੰ ਵਿਸ਼ਾਲ ਹੁੰਦਾ ਦੇਖ ਰਹੀ ਹਾਂ। ਮੇਰੇ ਮੌਲਾ ਮੈਨੂੰ ਜੋ ਇਹ ਇਲਮ ਬਖ਼ਸਿਆ ਹੈ ਉਸ ਵਿਚ ਨਿੰਪਨਤਾ ਬਖ਼ਸੀ। ਮੇਰੇ ਰਾਹ ਵਿਚ ਆ ਰਹੀਆਂ ਮੁਸ਼ਕਿਲਾਂ, ਰੁਕਾਵਟਾਂ ਨੂੰ ਵੀ ਹੱਸ ਹੱਸ ਲੰਘਾ ਦੇਉ ਜੀ।

ਮੇਰੇ ਵਾਹਿਗੁਰੂ ਜੀ ਮੇਰੀ ਇਹ ਜਿੰਦੜੀ ਹਮੇਸ਼ਾ ਉਨ੍ਹਾਂ ਲਈ ਰਿਣੀ ਰਹੇਗੀ ਜਿਨ੍ਹਾਂ  ਨੇ ਇੱਕ ਫਰਿਸ਼ਤੇ ਦੀ ਤਰ੍ਹਾਂ ਆ ਕੇ ਮੇਰੇ ਸਿਰ ’ਤੇ ਹੱਥ ਰੱਖਿਆ, ਉਹ ਰੂਹਾਂ ਪ੍ਰਭੂ ਜੀ ਨੇਕ ਰੂਹਾਂ ਹਨ ਜੋ ਬਿਨ੍ਹਾਂ ਕਿਸੇ ਲਾਲਚ ਸਮਾਜ ਨੂੰ ਦੇ ਭਲੇ ਬਾਰੇ ਸੋਚ ਰਹੀਆਂ ਹਨ । ਪ੍ਰਭੂ ਜੀ ਉਨ੍ਹਾਂ ਨੂੰ ਤੁਸਾਂ ਹਮੇਸ਼ਾਂ -ਹਮੇਸ਼ਾਂ ਲਈ ਆਪਣੇ ਸਵਰਗ ਵਿਚ ਥਾਂ ਦੇਣਾ। ਜਿਨ੍ਹਾਂ ਨੇਕ ਰੂਹਾਂ ਨੇ ਮੇਰੇ ਦਿਲ ਵਿਚ ਪਾਕ ਤੇ ਪਵਿੱਤਰ ਥਾਂ ਬਣਾਈ ਹੈ।  

ਮੇਰੇ ਰੱਬ ਜੀ, ਜਿਸ ’ਤੇ ਧਰਤ ’ਤੇ ਆਉਣ ਲਈ ਮਨੁੱਖ ਲੱਖਾਂ ਜੂਨੀਆਂ ਭੋਗ ਕੇ ਪਹੁੰਚਦਾ ਹੈ ਉਸੇ ਧਰਤ ’ਤੇ ਕੁਝ ਆਦਮ ਖੋਰ ਸੰਸਾਰ ਨੂੰ ਗੰਦਲਾ ਵੀ ਕਰ ਰਹੇ ਹਨ। ਰੱਬ ਜੀ ਦੁਨੀਆਂ ਧੋਖਿਆਂ ਨਾਲ ਭਰੀ ਪਈ ਹੈ, ਮੂੰਹ ਤੇ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦੇ ਹਨ। ਇਥੇ ਸੱਚੇ ਝੂਠ ਦੀ ਪਹਿਚਾਣ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ।  ਰੱਬ ਜੀ ਇੰਤਹਾ ਤਾਂ ਉਦੋਂ ਹੋ ਜਾਂਦੀ ਹੈ ਜਦ ਤੁਹਾਡੀ ਰੂਹ , ਜ਼ਜਬਾਤਾਂ, ਵਿਸ਼ਵਾਸ ਨੂੰ ਕੋਈ ਡੂੰਘੀ ਸੱਟ ਮਾਰਦਾ ਹੈ।
     
ਐ ਮੌਲਾ, ਧੋਖੇ ਭਰੀ ਇਸ ਦੁਨੀਆਂ ਵਿਚ ਸੱਚੇ ਆਦਮ ਦੀ ਪਹਿਚਾਣ ਕਿਸ ਤਰ੍ਹਾਂ ਕਰੀਏ, ਜਦਕਿ  ਹਰ ਪਾਸੇ ਝੂਠ ਦਾ ਬੋਲ ਬਾਲਾ ਹੈ। ਜਦ ਵੀ ਸੱਚ ਬੋਲਦੀ ਹਾਂ ਤਾਂ ਲੋਕਾਂ ਨੂੰ ਮੇਰੇ ਸ਼ਬਦ ਜਾਹਿਰ ਕਿਉਂ ਲੱਗਦੇ ਹਨ। ਕੀ ਸੱਚ ਬੋਲਣਾ ਗ਼ਲਤ ਹੈ, ਜੇ ਹੈ ਤਾਂ ਕਦੋਂ ਤੱਕ ਅਸੀਂ  ਝੂਠ ਦੇ ਪੱਲੜੇ ਵਿਚ ਬੈਠੇ ਰਹੀਏ ਜੀ। 

ਮੁਰਸ਼ਦ ਜੀ ਹਮੇਸ਼ਾ ਜ਼ਿਹਨ ਵਿਚ ਇਹੀ ਆਉਂਦਾ ਹੈ ਕਿ ਰੂਹ ’ਤੇ ਸੱਟ ਮਾਰਨ ਦਾ ਅਧਿਕਾਰ ਤਾਂ ਕਿਸੇ ਨੂੰ ਨਹੀਂ ਹੁੰਦਾ ਪਰ ਜਦ ਕਿਸੇ ਆਦਮ ਦਾ ਜਮੀਰ ਮਰ ਜਾਂਦਾ ਹੈ ਤਾਂ ਉਹ ਭੋਲ ਭਾਲੇ ਲੋਕਾਂ ਦੇ ਜ਼ਜਬਾਤਾਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ। ਜ਼ਜਬਾਤਾਂ ਨਾਲ ਖੇਡਣ ਵਾਲੇ ਆਦਮ ਸਮਾਜ ਵਿਚ ਆਪਣੀ ਪਕੜ, ਝੂਠ ਦੇ ਸਹਾਰੇ ਚਲਾ ਰਹੇ ਹਨ। ਤੁਹਾਡੀ ਖੂਬਸੂਰਤ ਬਣਾਈ ਧਰਤ ’ਤੇ ਦੁਨੀਆਂ ਅਜਿਹੇ ਆਦਮ ਨੂੰ ਤਵੱਜੋਂ ਕਿਉਂ ਦਿੱਤੀ ਜਾ ਰਹੀ ਹੈ ਮੌਲਾ ਜੀ।

ਐ ਖੁਦਾ, ਅੱਜ ਮੈਂ ਉਸ ਆਮਦ ਦੀ ਗੱਲ ਕਰਨ ਲੱਗੀ ਹਾਂ ਜੋ ਸਮਾਜ ਨੂੰ ਗੰਦਲਾ ਹੀ ਨਹੀਂ ਕਲੰਕਕਿਤ ਵੀ ਕਰ ਰਿਹਾ ਹੈ। ਇਹ ਆਮਦ ਖੁਦ ਨੂੰ ਬਹੁਤ ਮਹਾਨ ਸਮਝ ਕੇ ਲੋਕਾਂ ਨਾਲ ਖਿਲਵਾੜ ਕਰ ਰਿਹਾ ਹੈ, ਇਹ ਆਦਮ ਪਿਆਰ, ਇਸ਼ਕ ਦੇ ਨਾਂ ’ਤੇ ਫੁੱਲ ਨਹੀਂ ਕੰਡੇ ਚੁਭਾਉ ਰਹੇ ਹਨ। ਇਹੋ ਜਿਹੇ ਆਦਮ ਔਰਤਾਂ ਨੂੰ ਮਾਨਸਿਕ ਰੋਗੀ ਬਣਾ ਕੇ ਆਪ ਕਈ-ਕਈ ਘਰਾਂ ਨੂੰ ਬਾਰਬਾਦ ਕਰ ਚੁੱਕੇ ਹਨ।  

ਮੇਰੇ ਪ੍ਰਭੂ ਤੁਸੀਂ ਤਾਂ ਹਰ ਆਦਮ ਵਿਚ ਵਾਸ ਕਰਦੇ ਹੋ ਫਿਰ ਇਹੋ ਜਿਹੇ ਆਦਮ ਨੂੰ ਤੁਸੀਂ ਅੰਦਰੋਂ ਹੀ ਕਿਉਂ ਨਹੀਂ ਮਾਰਦੇ।

ਮੇਰੇ ਮੁਰਸ਼ਦ ਜੀ ! ਤੁਹਾਡੀ ਇਸ ਧਰਤ ਨੂੰ ਬਹੁਤ ਲੋੜ ਹੈ ਇਹ ਕਲਜੁਗ ਵਾਲੀ ਦੁਨੀਆਂ ਪੈਸੇ ਦੀ ਅੰਨ੍ਹੀ ਹੋ ਚੁੱਕੀ ਹੈ, ਕੀ ਚੰਗਾ ਹੈ, ਕੀ ਮਾੜਾ ਹੈ, ਸਭ ਕੁਝ ਭੁੱਲ ਚੁੱਕੀ ਹੈ। 

ਮੇਰੇ ਪ੍ਰਭੂ ਵਾਹਿਗੁਰੂ ਜੀ, ਤੁਸੀਂ ਸੱਚੇ ਬੰਦਿਆਂ ਨੂੰ ਇਸ ਨਰਕ ਤੋਂ ਦੂਰ ਰੱਖੋ ਜੀ, ਤਾਂ ਜੋ ਛੋਟੀਆਂ -ਛੋਟੀਆਂ ਬੱਚੀਆਂ, ਜੋ ਅਜੇ ਸੰਸਾਰ ਦੇ ਗਿਆਨ ਤੋਂ ਵਚਿੰਤ ਸੀ ਜਿਨ੍ਹਾਂ ਨੂੰ ਜ਼ਬਰ ਜਨਾਹ ਦੇ ਠੇਕੇਦਾਰਾਂ ਨਾਲ ਆਪਣੀ ਹਵਸ ਪੂਰੀ ਕਰਨ ਲਈ ਬਲੀ ਚਾੜ ਦਿੱਤਾ ਹੈ।

ਮੇਰੇ ਮੁਰਸ਼ਦ ਜੀ ! ਇਹ ਕਹਾਣੀ ਤੁਸੀਂ ਭਾਲੀ ਭਾਂਤ ਜਾਣਦੇ ਹੀ ਹੋ ਪਰ ਫਿਰ ਵੀ ਮੈਂ ਆਪਣੀ ਕਲਮ ਰਾਹੀਂ ਤੁਹਾਨੂੰ ਲਿਖ ਕੇ ਭੇਜ ਰਹੀ ਹਾਂ, ਤਾਂ ਕਿ ਤੁਸੀਂ ਇਸ ਆਦਮ ਨੂੰ ਅਜਿਹੀ ਮਿਸਾਲੀ ਸਜ਼ਾ ਦੇਉ ਤਾਂ ਕਿ ਅੱਗੋਂ ਤੋਂ ਕੋਈ ਵੀ ਆਦਮ ਅਜਿਹੇ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।

ਮੇਰੇ ਮੁਰਸ਼ਦ ਜੀ ! ਜਦੋਂ ਇੱਕ ਬੱਚਾ ਧਰਤ ’ਤੇ ਜਨਮ ਲੈਂਦਾ ਹੈ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਕਿੰਨੇ  ਹੀ ਲਾਡਾਂ ਨਾਲ ਉਸ ਦੀ ਪਾਲਣ ਪੋਸਣ ਕਰਦੇ ਹਨ ਤੇ ਉਸ ਨੂੰ ਜਵਾਨ ਹੁੰਦੇ ਦੇਖਦੇ ਹਨ ਉਸ ਬੱਚੇ ਨੂੰ ਉਹ ਕਦੇ ਦੁਖੀ ਨਹੀਂ ਹੋਣ ਦਿੰਦੇ । ਪਰ ਇੱਕ ਦਿਨ ਅਜਿਹਾ ਆਦਮ ਉਸ ਦੀ ਜਿੰਦਗੀ ਵਿਚ ਕੋਈ ਖ਼ਾਸ ਬਣ ਕੇ ਆ ਜਾਂਦਾ ਹੈ ਕਿ ਉਹ ਉਸ ਨੂੰ ਹੀ ਰੱਬ ਮੰਨ ਲੈਂਦੀ ਹੈ, ਪਰ ਉਹ ਆਦਮ ਇੱਕ ਦਿਨ ਦਗਾਬਾਜ਼ ਨਿਕਲ ਜਾਂਦਾ ਹੈ। ਉਸ ਧੀ ਦਾ ਕੀ ਕਸੂਰ ਦੱਸੋ ਜਿਸ ਨੂੰ ਵੱਡੇ -ਵੱਡੇ ਵਾਅਦੇ, ਸੁਪਨੇ ਦਿਖਾ ਕੇ ਦੁਨੀਆਂ ਦੀ ਖੁਸ਼ੀਆਂ ਤੋਂ ਰੁਖ਼ਸਤ ਕਰ ਦਿੱਤਾ ਜਾਂਦਾ ਹੈ।

ਐ ਮੇਰੇ ਪ੍ਰਭੂ ਇੱਕ ਝੱਟਕੇ ਨਾਲ ਕਿਸੇ ਦੇ ਸੁਪਨੇ , ਉਮੀਦਾਂ, ਖ਼ਤਮ ਕਰਨ,  ਖੁਦ ਨੂੰ ਖੁਦਾ ਦੱਸ ਕੇ ਇਤਬਾਰ ਬਣਾ ਲੈਣਾ, ਕਿਸੇ ਨੂੰ ਅਧਿਕਾਰ ਨਹੀਂ, ਫੇਰ ਇਹ ਅਜਿਹੇ ਆਦਮ ਨੂੰ ਦੁਨੀਆਂ ਵਿਚ ਰਹਿਣ ਦਾ ਅਧਿਕਾਰ ਕਿਉਂ ਦਿੱਤਾ ਜਾਂਦਾ ਹੈ।

ਮੇਰੇ ਮੁਰਸ਼ਦ ਜੀ, ਅਜਿਹੇ ਆਦਮ ਨੂੰ ਤੁਹਾਡੀ ਲਾਠੀ ਦਾ ਵੀ ਜ਼ਰਾ ਖੌਫ਼ ਨਹੀਂ ਹੈ। ਇਹ ਆਦਮ ਆਏ ਦਿਨ ਗਿਰਗਿਟ ਤਰ੍ਹਾਂ ਰੰਗ ਬਦਲਦਾ ਹੈ ਅਤੇ ਫਿਰ ਵੀ ਆਪਣੇ ਆਪ ਨੂੰ ਸਰੀਫ਼ ਹੋਣ ਦਾ ਨਾਟਕ ਕਰਦਾ ਹੈ ,ਜਦ ਅਜਿਹੇ ਆਦਮ ਦਾ ਭੇਦ ਸਭ ਅੱਗੇ ਖੁੱਲ ਜਾਂਦਾ ਹੈ ਤਾਂ ਉਹ ਝੂਠ ਦਾ ਸਹਾਰਾ ਤੱਕਦੇ ਹੋਏ ਫੇਰ ਕਿਸੇ ਨਾ ਕਿਸੇ ਤਰੀਕੇ ਬਚ ਨਿਕਲਦਾ ਹੈ।

ਐ ਖੁਦਾ, ਅਜਿਹੇ ਆਦਮ ਦੀ ਜ਼ਬਾਨ ਤੇ ਦਿਲ ਦੋਨੋਂ ਕਾਲੇ ਹੋ ਚੁੱਕੇ ਹਨ। ਪ੍ਰਭੂ ਤੁਸਾਂ ਤਾਂ ਦਿਲਾਂ ਦੀਆਂ ਰਮਜ਼ਾਂ ਸਮਝ ਲੈਂਦੇ ਹੋ ਅੱਜ ਜਿਸ ਆਦਮ ਦੀ ਗੱਲ ਕਰ ਰਹੀ ਹਾਂ ਉਹ ਦੁਨੀਆਂ ’ਤੇ ਇੱਕ ਵਜ਼ਨ ਹੈ ਜੀ। ਉਸ ਨੇ ਆਪਣੇ ਝੂਠ ਦੇ ਸਹਾਰੇ ਕਈ ਘਰ ਬਦਬਾਦ ਕਰ ਦਿੱਤੇ ਹਨ ਜੀ।                                                                                

ਮੇਰੇ ਰੱਬ ਜੀ, ਜਦ ਆਦਮ, ਔਰਤ ਦੀ ਖਾਮੋਸ਼ੀ ਨੂੰ ਕਮਜ਼ੋਰੀ ਸਮਝ ਕੇ ਅਦਬ ਦੇਣ ਦੀ ਥਾਂ ਖੁਦ ਨੂੰ ਬਲਵਾਨ ਕਹਿਣ ਲੱਗ ਜਾਂਦਾ ਤਾਂ ਉਹ ਪਾਪ ਦੇ ਰਾਹ ’ਤੇ ਤੁਰਦੇ  ਇਹ ਵੀ ਭੁੱਲ ਜਾਂਦਾ ਹੈ ਕਿ ਉਹ ਕਿਸੇ ਦੀ ਦਿਲੋਂ ਨਿਕਲੀ ‘ਹਾਏ’ ਦਾ ਸ਼ਿਕਾਰ ਜਰੂਰ ਹੋਵੇਗਾ, ਜਿੰਨ੍ਹਾਂ ਰਾਹਾਂ ’ਤੇ ਉਹ ਖੁਸ਼ੀਆਂ ਭਾਲਦਾ ਫਿਰਦਾ ਹੈ ਉਹੀ ਰਾਹ ਉਸ ਲਈ ਵਿਨਾਸ਼ ਬਣਨ ਵਾਲੇ ਹਨ।

ਪ੍ਰਭੂ ਜੀ, ਕਿਸੇ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਕੇ ਉਹ ਆਦਮ ਖੁਦ ਨੂੰ ਤਾਂ ਮੂਰਖ ਬਣਾ ਸਕਦਾ ਹੈ, ਪਰ ਕਿਸੇ ਦੀ ਜ਼ਜਬਾਤਾਂ ਨਾਲ ਖੇਡ ਕੇ ਤੁਹਾਨੂੰ ਨਹੀਂ ਮੂਰਖ ਬਣਾ ਸਕਦਾ। 

ਮੇਰੇ ਰੱਬ ਜੀ, ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਉਸ ਆਦਮ ਖੋਰ ਨੂੰ ਸੂਤ ਸਮੇਤ ਮਿਸਾਲੀ ਸਜ਼ਾ ਦੇਵੋਗੇ। ਤੁਸੀਂ ਇਸ ਹਨ੍ਹੇਰੇ ਦਾ ਨਾਸ਼ ਕਰ ਕੇ ਇਕ ਦਿਨ ਜ਼ਰੂਰ ਇਨਸਾਫ਼ ਕਰਨ ਆਉਗੇ ਜੀ।

ਮੇਰੇ ਰੱਬ ਜੀ ਮੇਰੇ ਕੋਲੋਂ ਲਿਖਣ ਵਿਚ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੇਰੀ ਖਤਾ ਮੁਆਫ਼ ਕਰ ਮੈਨੂੰ ਸਮਰੱਥ ਬਖ਼ਸਿਆ ਜਾਵੇ ਜੀ।  

ਆਪ ਜੀ ਦੀ ਪਿਆਰੀ ਬੇਟੀ

ਬਲਜਿੰਦਰ ਕੌਰ ਸ਼ੇਰਗਿੱਲ




Wednesday, May 20, 2026

ਭੰਬੀਰੀ (ਫਿਰਕੀ)



ਟੱਲੀਆਂ ਵਜਾਵੇ ਸਾਈਕਲਾਂ ਤੇ ਆਵੇ, 
ਭੰਬੀਰੀਆਂ ਦੀ ਆ ਕੇ ਦੁਕਾਨ ਸਜਾਵੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।


ਪਿੰਡ ’ਚ ਵੜਦੇ ਹੀ ਹੋਕੇ ਲਾਵੇ, 
ਘੱਟ ਮੁੱਲ ’ਚ ਭੰਬੀਰੀਆਂ ਵੇਚੀ ਜਾਵੇ, 
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।

ਭਾਵੇਂ ਇਹ ਖਿਡੌਣਾ ਕੁਝ ਮਿੰਟਾਂ ਦਾ ਪ੍ਰਾਹਣਾ,
ਵਜੂਦ ਜਿਸਦਾ ਕਾਗਜ਼ਾਂ ਤੇ ਕਾਨਿਆਂ ਦਾ ਹੋਣਾ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।

ਲੱਗਦਾ ਸੀ ਜਿਵੇਂ ਚਾਬੀ ਨਾਲ ਜੋੜੇ, 
ਬੱਚਾ-ਬੱਚਾ ਖਰੀਦ ਭੰਬੀਰੀ ਲੈ ਦੋੜੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।

ਬੱਚਿਆਂ ਦੇ ਚਿਹਰਿਆਂ ਦੀ ਬਣੀ ਮੁਸਕਾਨ, 
ਖਿਡਾਉਣਾ ਉਨ੍ਹਾਂ ਲਈ ਹੈ ਆਲੀਸ਼ਾਨ, 
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।

ਫਿਰੇ ਉੱਡਦੀ ਹਵਾ ’ਚ ਗੇੜੀਆਂ ਲਗਾਵੇ,
‘‘ਬਲਜਿੰਦਰ’’ ਨੱਠਦੇ ਬੱਚਿਆਂ ’ਚ ਜੋਸ਼ ਭਰੀ ਜਾਵੇ,
ਦੇਖੋ-ਦੇਖੋ ਆਇਆ ਭੰਬੀਰੀ ਵਾਲਾ ਭਾਈ।

ਬਲਜਿੰਦਰ ਕੌਰ ਸ਼ੇਰਗਿੱਲ 

Sunday, May 17, 2026

ਬੁਲਟ



ਕਿੰਨੇ ਦਿਨਾਂ ਦਾ ਰੌਲਾ ਪਾਵੇ, 

ਮੰਮੀ-ਮੰਮੀ ਬੁਲਟ ਦਵਾ ਦੇ।


ਪਾਪਾ ਦੇ ਵੀ ਕੰਨ ਪਿਆ ਖਾਵੇ,

ਘਰ ਵਿੱਚ ਕਲੇਸ਼ ਵਧਾਵੇ।  


ਪੁਰਾਣੇ ਦੀ ਨਾ ਕੋਈ ਗੱਲ ਸੁਣਾਵੇ, 

ਨਵਾਂ ਲੈਣ ਦੀ ਜ਼ਿੱਦ ਪੁਗਾਵੇ।  


ਰੋਣ ਹਾਕਾ ਜਦ ਹੋ ਜਾਵੇ, 

ਮਾਂ ਬਾਪ ਫਿਰ ਲਾਗੇ ਲਾਵੇ।


ਬੁਲਟ ’ਤੇ ਹੁਣ ਕਾਲਜ ਜਾਵੇ,

ਦੋਸਤਾਂ ’ਚ ਆਪਣੀ ਟੌਹਰ ਬਣਾਵੇ।


ਮਾਪਿਆਂ ਨੂੰ ਫ਼ਿਕਰ ਵੀ ਸਤਾਵੇ,

ਮੇਰਾ ਬੱਚਾ ਗੱਡੀ ਹੋਲੀ ਚਲਾਵੇ।


ਬੀਬਾ ਬੱਚਾ ਹੈ ਉਹ ਭਾਵੇਂ, 

ਟਰੈਫ਼ਿਕ ਦੇ ਰੂਲ ਨਿਭਾਵੇ।


ਸਪੀਡ ’ਤੇ ਲਗਾਮ ਲਗਾਵੇ।  

‘‘ਬਲਜਿੰਦਰ’’ ਵਾਰ -ਵਾਰ ਸਮਝਾਵੇ।


ਬਲਜਿੰਦਰ ਕੌਰ ਸ਼ੇਰਗਿੱਲ 



ਜੇ ਮੈਂ ਬੱਚਾ ਹੋਵਾਂ (ਕਵਿਤਾ)

ਕਾਸ਼;  ਜੇ ਮੈਂ ਬੱਚਾ ਹੋਵਾਂ,

ਅੰਬੀਆਂ ਵਾਂਗ ਕੱਚਾ ਹੋਵਾਂ ।


ਕਦੇ ਹੱਸਾਂ ਤੇ ਕਦੇ ਰੋਵਾਂ,

ਕਦੇ ਮਾਂ ਦੇ ਸੀਨੇ ਲੱਗ ਸੋਵਾਂ ।


ਮਿੱਟੀ ਵਿਚ ਖੇਡਦਾ ਹੋਵਾਂ,

ਕਹੇ ਤੇ ਵੀ ਹੱਥ ਨਾ ਧੋਵਾਂ ।


ਘਰ ਦੇ ਵਿਹੜੇ ਦੀ ਰੌਣਕ ਹੋਵਾਂ,

ਭੈਣ ਦਾ ਜੇ ਮੈਂ ਵੀਰ ਹੋਵਾਂ ।


ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,

ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ।


ਪਾਪਾ ਘਰ ਆਉਣ ਵਾਲੇ ਨੇ,

ਚਾਕਲੇਟ ਦੀ ਉਡੀਕ ’ਚ ਹੋਵਾਂ ।


ਬੇਬੇ ਬਾਪੂ ਮੋਢੇ ਚੁੱਕਣ ਦੋਵਾਂ,

‘‘ਬਲਜਿੰਦਰ’’ ਕਾਸ਼; ਜੇ ਮੈਂ ਬੱਚਾ ਹੀ ਹੋਵਾਂ।

ਬਲਜਿੰਦਰ ਕੌਰ ਸ਼ੇਰਗਿੱਲ


Saturday, May 16, 2026

ਸੋਚ ਤੋਂ ਸੱਚ ਤੱਕ (ਕਵਿਤਾ)



ਬੱਚਿਓ! ਜੋ ਸੋਚ ਲਿਆ ਜ਼ਿੰਦਗੀ ’ਚ,

ਉਹ ਸੱਚ ਕਰ ਦਿਖਾਉਣਾ ਹੈ।


ਪੜ੍ਹ-ਲਿਖ ਕੇ ਇੱਕ ਦਿਨ ਤੁਸਾਂ,

ਭਾਰਤ ਦਾ ਨਾਂ ਚਮਕਾਉਣਾ ਹੈ।


ਕਰੋ ਪੜ੍ਹਾਈ ਮਨ ਲਗਾ ਕੇ,

ਗੁਰੂਆਂ (ਅਧਿਆਪਕਾਂ) ਦਾ ਮਾਣ ਵਧਾਉਣਾ ਹੈ।


ਵਿੱਦਿਆ ਦੇ ਸਾਗਰ ’ਚ ਮਾਰ ਚੁੱਭੀ,

ਜੀਵਨ ਨੂੰ ਸੌਖਾ ਤੇ ਸਹਿਜ ਬਣਾਉਣਾ ਹੈ।


ਇੱਜ਼ਤ ਤੇ ਈਮਾਨਦਾਰੀ ਦਾ,

ਗਹਿਣਾ ਸਦਾ ਹੀ ਪਾਉਣਾ ਹੈ।


ਭੀੜ ਪਏ ਜਦ ਦੇਸ਼ ਉਤੇ,

ਵੈਰੀ ਨੂੰ ਮਾਰ ਮੁਕਾਉਣਾ ਹੈ।


‘‘ਬਲਜਿੰਦਰ’’ ਆਖੇ ਗੱਲ ਇੱਕੋ ਬਚਿਓ!

ਸੋਚ ਤੋਂ ਸੱਚ ਤੱਕ ਦਾ ਸਫ਼ਰ ਚਲਾਉਣਾ ਹੈ।


ਬਲਜਿੰਦਰ ਕੌਰ ਸ਼ੇਰਗਿੱਲ



Friday, May 15, 2026

ਬਸਤਾ (ਕਵਿਤਾ)


ਮੰਮੀ ਨੀ ਮੰਮੀ ਮੇਰਾ ਬਸਤਾ ਏ ਭਾਰਾ,

ਮੋਢਿਆਂ ’ਤੇ  ਭਾਰ ਪੈਦਾ ਕਿੰਨਾ ਸਾਰਾ।


ਸਾਈਕਲ ਜੇ ਲੈ ਦਏਂ ਦੁੱਖ ਟੁੱਟੇ ਸਾਰਾ,

ਵਜ਼ਨ ਤੋਂ ਤਾਹੀਂ ਕਿਤੇ ਹੋਊਗਾ ਕਿਨਾਰਾ।


ਮੰਮੀ ਬੋਲੀ : ਬੇਟਾ ਤੂੰ ਮੇਰਾ ਰਾਜ ਦੁਲਾਰਾ,

ਤੇਰਾ ਮੇਰੀ ਜ਼ਿੰਦਗੀ ’ਚ ਆਉਣਾ ਹੀ ਹੁਲਾਰਾ।


ਅੱਜ ਚਾਹੇ ਚੁੱਕਿਆ ਏ ਬਸਤਾ ਤੂੰ ਭਾਰਾ,

ਪੜ੍ਹੇਗਾ, ਲਿਖੇਗਾ ਤਾਂ ਘੁੰਮੇਂਗਾ ਜਗ ਸਾਰਾ।


ਨਸ਼ਿਓਂ  ਜੇ ਦੂਰ ਮੇਰੀ ਅੱਖੀਆਂ ਦਾ ਤਾਰਾ,

ਮਿਲਖਾ ਬਣੇਗਾ ਜਾਂ ਪਹਿਲਵਾਨ ਦਾਰਾ।


ਮਿਹਨਤ ਦਾ ਮੁੱਲ ਤੇਰੀ ਦੇਖੀਂ ਪਊ ਸਾਰਾ, 

ਮੋਢਿਆਂ ਤੋਂ ਭਾਰ ਫੇਰ ਲਹਿ ਜਾਊਗਾ ਸਾਰਾ।


ਸਮੁੰਦਰ ਦੇ ਵਾਂਗੂੰ ਪਾਣੀ ਅੱਖੀਆਂ ਦਾ ਖਾਰਾ, 

‘ਬਲਜਿੰਦਰ’  ਬਣੀ ਤੂੰ ਗਰੀਬਾਂ ਦਾ ਸਹਾਰਾ। 

ਬਲਜਿੰਦਰ ਕੌਰ ਸ਼ੇਰਗਿੱਲ 

Wednesday, May 13, 2026

(ਪਾਠਕਾਂ ਦੇ ਵਿਚਾਰ ) ਸੰਵੇਦਨਾਵਾਂ ਦੀ ਕਲਮਕਾਰ: ਬਲਜਿੰਦਰ ਕੌਰ ਸ਼ੇਰਗਿੱਲ ਦਾ ਸਾਹਿਤਕ ਅਤੇ ਪੱਤਰਕਾਰੀ ਸਫ਼ਰ : ਡਾ ਮਹਿੰਦਰ ਸਿੰਘ ਝੱਮਟ


ਪੰਜਾਬੀ ਸਾਹਿਤ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਬਲਜਿੰਦਰ ਕੌਰ ਸ਼ੇਰਗਿੱਲ ਇੱਕ ਅਜਿਹਾ ਨਾਮ ਹੈ, ਜਿਸ ਨੇ ਆਪਣੀ ਸੰਵੇਦਨਸ਼ੀਲ ਸੋਚ, ਸਾਦਗੀ ਭਰੀ ਲਿਖਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਦ੍ਰਿਸ਼ਟੀਕੋਣ ਨਾਲ ਵੱਖਰੀ ਪਛਾਣ ਬਣਾਈ ਹੈ।

 ਉਹ ਉਹਨਾਂ ਲੇਖਿਕਾਵਾਂ ਵਿੱਚੋਂ ਹਨ, ਜਿਨ੍ਹਾਂ ਨੇ ਜੀਵਨ ਦੇ ਅਨੁਭਵਾਂ ਨੂੰ ਸਿਰਫ਼ ਮਹਿਸੂਸ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਸਮਾਜ ਦੇ ਸਾਹਮਣੇ ਵੀ ਰੱਖਿਆ। ਉਨ੍ਹਾਂ ਦੀ ਲਿਖਤ ਵਿੱਚ ਪਿੰਡ ਦੀ ਮਿੱਟੀ ਦੀ ਮਹਿਕ, ਮਨੁੱਖੀ ਭਾਵਨਾਵਾਂ ਦੀ ਗਹਿਰਾਈ ਅਤੇ ਸਮਾਜਕ ਚੇਤਨਾ ਦੀ ਸਪਸ਼ਟ ਝਲਕ ਮਿਲਦੀ ਹੈ।
ਬਲਜਿੰਦਰ ਕੌਰ ਸ਼ੇਰਗਿੱਲ ਦਾ ਜਨਮ 15 ਮਈ 1981 ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖਮਾਣੋਂ ਕਲਾ ਵਿੱਚ ਹੋਇਆ। ਪਿੰਡ ਦੇ ਸਧਾਰਨ ਅਤੇ ਸੱਭਿਆਚਾਰਕ ਮਾਹੌਲ ਵਿੱਚ ਪਲਦੇ-ਵਧਦੇ ਉਨ੍ਹਾਂ ਨੇ ਜੀਵਨ ਨੂੰ ਬਹੁਤ ਨੇੜੇ ਤੋਂ ਦੇਖਿਆ। ਬਚਪਨ ਤੋਂ ਹੀ ਉਹ ਸ਼ਾਂਤ ਸੁਭਾਅ ਅਤੇ ਗਹਿਰੀ ਸੋਚ ਵਾਲੀ ਵਿਅਕਤੀ ਰਹੀ। ਘਰੇਲੂ ਮਾਹੌਲ, ਲੋਕਾਂ ਦੇ ਦੁੱਖ-ਸੁੱਖ ਅਤੇ ਆਲੇ-ਦੁਆਲੇ ਦੇ ਤਜਰਬਿਆਂ ਨੇ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਛੱਡਿਆ। ਇਹੀ ਅਸਰ ਅੱਗੇ ਚੱਲ ਕੇ ਉਨ੍ਹਾਂ ਦੀ ਲਿਖਤ ਦਾ ਆਧਾਰ ਬਣਿਆ।
ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਤੋਂ ਲੈ ਕੇ ਬਾਰਹਵੀਂ ਤੱਕ ਦੀ ਪੜ੍ਹਾਈ ਪਿੰਡ ਖਮਾਣੋਂ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਚੁੰਨੀ ਕਾਲਜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੇ ਦੌਰਾਨ ਹੀ ਉਨ੍ਹਾਂ ਦਾ ਰੁਝਾਨ ਪੜ੍ਹਨ ਅਤੇ ਲਿਖਣ ਵੱਲ ਵਧਣ ਲੱਗਾ। ਉਹ ਆਪਣੇ ਮਨ ਦੇ ਅਹਿਸਾਸ ਕਾਗਜ਼ ‘ਤੇ ਲਿਖਦੀਆਂ ਰਹਿੰਦੀਆਂ, ਪਰ ਉਸ ਸਮੇਂ ਇਹ ਸਿਰਫ਼ ਨਿੱਜੀ ਜਜ਼ਬਾਤਾਂ ਦੀ ਅਭਿਵੈਕਤੀ ਸੀ। ਉਨ੍ਹਾਂ ਨੂੰ ਖੁਦ ਵੀ ਇਹ ਅਹਿਸਾਸ ਨਹੀਂ ਸੀ ਕਿ ਇਹ ਸ਼ੌਂਕ ਇੱਕ ਦਿਨ ਉਨ੍ਹਾਂ ਦੀ ਪਛਾਣ ਬਣ ਜਾਵੇਗਾ।
ਸਾਲ 2012 ਵਿੱਚ ਉਨ੍ਹਾਂ ਨੇ ਪੱਤਰਕਾਰਤਾ ਦੇ ਖੇਤਰ ਵਿੱਚ ਕਦਮ ਰੱਖਿਆ। ਇੱਕ ਅਖਬਾਰ ਦੇ ਦਫ਼ਤਰ ਵਿੱਚ ਸਬ-ਐਡੀਟਰ ਵਜੋਂ ਕੰਮ ਕਰਦੇ ਹੋਏ ਉਨ੍ਹਾਂ ਨੂੰ ਲਿਖਤ ਅਤੇ ਪੱਤਰਕਾਰੀ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਮਿਲਿਆ। ਅਖਬਾਰ ਦੀ ਸੰਪਾਦਕੀ ਟੀਮ ਨਾਲ ਕੰਮ ਕਰਦਿਆਂ ਉਨ੍ਹਾਂ ਨੇ ਬੇਸ਼ੁਮਾਰ ਲੇਖਕਾਂ, ਕਵੀਆਂ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ। ਇਹ ਪੜ੍ਹਾਈ ਹੀ ਉਨ੍ਹਾਂ ਲਈ ਇੱਕ ਵੱਡਾ ਸਕੂਲ ਸਾਬਤ ਹੋਈ। ਇੱਥੇ ਉਨ੍ਹਾਂ ਨੇ ਸਿੱਖਿਆ ਕਿ ਸ਼ਬਦ ਸਿਰਫ਼ ਲਿਖਣ ਲਈ ਨਹੀਂ ਹੁੰਦੇ, ਸਗੋਂ ਸਮਾਜ ਨੂੰ ਜਾਗਰੂਕ ਕਰਨ ਅਤੇ ਸੋਚ ਨੂੰ ਨਵੀਂ ਦਿਸ਼ਾ ਦੇਣ ਦੀ ਤਾਕਤ ਵੀ ਰੱਖਦੇ ਹਨ।
ਉਨ੍ਹਾਂ ਦੇ ਸਾਹਿਤਕ ਸਫ਼ਰ ਦੀ ਅਸਲ ਸ਼ੁਰੂਆਤ ਇੱਕ ਲੇਖ ਨਾਲ ਹੋਈ। ਮਿੱਟੀ ਦੇ ਬਰਤਨਾਂ ਨਾਲ ਜੁੜੇ ਵਿਸ਼ੇ ‘ਤੇ ਉਨ੍ਹਾਂ ਨੇ ਤਿੰਨ ਦਿਨਾਂ ਦੀ ਮਿਹਨਤ ਨਾਲ ਇੱਕ ਲੇਖ ਤਿਆਰ ਕੀਤਾ। ਜਦੋਂ ਸੰਪਾਦਕ ਨੇ ਉਸ ਲੇਖ ਨੂੰ ਪੜ੍ਹ ਕੇ ਅਖਬਾਰ ਵਿੱਚ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ, ਤਾਂ ਇਹ ਉਨ੍ਹਾਂ ਲਈ ਇੱਕ ਵੱਡਾ ਹੌਸਲਾ ਬਣਿਆ। ਪਹਿਲੀ ਵਾਰ ਆਪਣੀ ਲਿਖਤ ਨੂੰ ਛਪਿਆ ਦੇਖ ਕੇ ਉਨ੍ਹਾਂ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਜਾਗਿਆ। ਇਸ ਪ੍ਰੇਰਣਾ ਨੇ ਉਨ੍ਹਾਂ ਨੂੰ ਲਗਾਤਾਰ ਲਿਖਣ ਲਈ ਉਤਸ਼ਾਹਿਤ ਕੀਤਾ ਅਤੇ ਫਿਰ ਕਲਮ ਦਾ ਇਹ ਸਫ਼ਰ ਕਦੇ ਨਹੀਂ ਰੁਕਿਆ।
ਬਲਜਿੰਦਰ ਕੌਰ ਸ਼ੇਰਗਿੱਲ ਦਾ ਮੰਨਣਾ ਹੈ ਕਿ ਸਾਹਿਤ ਮਨੁੱਖੀ ਰੂਹ ਦੀ ਆਵਾਜ਼ ਹੁੰਦਾ ਹੈ। ਉਹ ਕਹਿੰਦੀਆਂ ਹਨ ਕਿ ਜਦੋਂ ਮਨੁੱਖ ਦੇ ਅੰਦਰ ਦਰਦ, ਚਿੰਤਾ ਜਾਂ ਕੋਈ ਡੂੰਘਾ ਅਹਿਸਾਸ ਜਨਮ ਲੈਂਦਾ ਹੈ, ਤਾਂ ਕਲਮ ਉਸ ਨੂੰ ਸ਼ਬਦਾਂ ਵਿੱਚ ਬਦਲ ਦਿੰਦੀ ਹੈ। ਉਨ੍ਹਾਂ ਦੀ ਲਿਖਤ ਵਿੱਚ ਸਮਾਜ ਦੇ ਦੁੱਖ-ਦਰਦ, ਔਰਤਾਂ ਦੀਆਂ ਭਾਵਨਾਵਾਂ, ਰਿਸ਼ਤਿਆਂ ਦੀ ਨਜ਼ਾਕਤ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕੁਦਰਤ ਨਾਲ ਪਿਆਰ ਅਤੇ ਮਨੁੱਖਤਾ ਲਈ ਚਿੰਤਾ ਸਾਫ਼ ਤੌਰ ‘ਤੇ ਦਿਖਾਈ ਦਿੰਦੀ ਹੈ।
ਹੌਲੀ-ਹੌਲੀ ਉਨ੍ਹਾਂ ਦੇ ਲੇਖ, ਕਵਿਤਾਵਾਂ ਅਤੇ ਕਹਾਣੀਆਂ ਵੱਖ-ਵੱਖ ਅਖਬਾਰਾਂ, ਰਸਾਲਿਆਂ ਅਤੇ ਆਨਲਾਈਨ ਮਾਧਿਅਮਾਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਪਾਠਕਾਂ ਵੱਲੋਂ ਮਿਲੇ ਪਿਆਰ ਅਤੇ ਪ੍ਰਸ਼ੰਸਾ ਨੇ ਉਨ੍ਹਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਲਿਖਤ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਹੀ, ਸਗੋਂ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦੇਣ ਦਾ ਸਾਧਨ ਵੀ ਬਣੀ।
ਸਾਲ 2020 ਵਿੱਚ ਉਨ੍ਹਾਂ ਦੀ ਪਹਿਲੀ ਪੁਸਤਕ “ਆਖਿਰ ਕਦੋਂ ਤੱਕ” ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਪਾਠਕਾਂ ਅਤੇ ਸਾਹਿਤਕ ਵਰਗ ਵੱਲੋਂ ਕਾਫ਼ੀ ਸਰਾਹਨਾ ਮਿਲੀ। ਇਸ ਵਿੱਚ ਸਮਾਜਕ ਮਸਲਿਆਂ ਅਤੇ ਮਨੁੱਖੀ ਦਰਦ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ। ਇਸ ਤੋਂ ਬਾਅਦ ਜਨਵਰੀ 2024 ਵਿੱਚ ਉਨ੍ਹਾਂ ਦੀ ਬਾਲ ਸਾਹਿਤ ਪੁਸਤਕ “ਸੋਚ ਤੋਂ ਸੱਚ ਤੱਕ” ਪ੍ਰਕਾਸ਼ਿਤ ਹੋਈ। ਇਸ ਪੁਸਤਕ ਰਾਹੀਂ ਉਨ੍ਹਾਂ ਨੇ ਬੱਚਿਆਂ ਨੂੰ ਚੰਗੀ ਸੋਚ, ਨੈਤਿਕ ਮੁੱਲਾਂ ਅਤੇ ਜੀਵਨ ਦੀ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ।
ਬਲਜਿੰਦਰ ਕੌਰ ਸ਼ੇਰਗਿੱਲ ਨੂੰ ਹੁਣ ਤੱਕ ਕਈ ਸਾਹਿਤਕ ਅਤੇ ਸਮਾਜਕ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਉਹ ਕਈ ਸਾਂਝੇ ਕਾਵਿ ਸੰਗ੍ਰਹਾਂ ਅਤੇ ਸੰਪਾਦਿਤ ਪੁਸਤਕਾਂ ਨਾਲ ਵੀ ਜੁੜੀਆਂ ਰਹੀਆਂ ਹਨ। ਦੇਸ਼ ਅਤੇ ਵਿਦੇਸ਼ ਦੀਆਂ ਕਈ ਮੈਗਜ਼ੀਨਾਂ ਅਤੇ ਡਿਜ਼ਿਟਲ ਪਲੇਟਫਾਰਮਾਂ ‘ਤੇ ਉਨ੍ਹਾਂ ਦੀਆਂ ਰਚਨਾਵਾਂ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਹਨ। ਇਹ ਉਨ੍ਹਾਂ ਦੀ ਲਿਖਤ ਦੀ ਪ੍ਰਸਿੱਧੀ ਅਤੇ ਪਾਠਕਾਂ ਨਾਲ ਜੁੜਾਅ ਦਾ ਪ੍ਰਮਾਣ ਹੈ।
ਉਨ੍ਹਾਂ ਦਾ ਵਿਸ਼ਵਾਸ ਹੈ ਕਿ ਲਿਖਤ ਸਿਰਫ਼ ਅੱਜ ਦੇ ਸਮੇਂ ਲਈ ਨਹੀਂ ਹੁੰਦੀ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਹਿਮ ਦਸਤਾਵੇਜ਼ ਬਣ ਜਾਂਦੀ ਹੈ। ਉਨ੍ਹਾਂ ਦੀ ਕਲਮ ਸਮਾਜ ਦੇ ਦਰਦ ਨੂੰ ਸਮਝਦੀ ਵੀ ਹੈ ਅਤੇ ਉਸ ਨੂੰ ਆਵਾਜ਼ ਵੀ ਦਿੰਦੀ ਹੈ। ਬਲਜਿੰਦਰ ਕੌਰ ਸ਼ੇਰਗਿੱਲ ਅੱਜ ਵੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਸਾਹਿਤ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਹਨ। ਉਨ੍ਹਾਂ ਦਾ ਇਹ ਸਫ਼ਰ ਨਵੀਂ ਪੀੜ੍ਹੀ ਲਈ ਇੱਕ ਪ੍ਰੇਰਣਾ ਹੈ, ਜੋ ਇਹ ਸਿੱਖਾਉਂਦਾ ਹੈ ਕਿ ਸੱਚੀ ਲਿਖਤ ਦਿਲਾਂ ਨੂੰ ਛੂਹਣ ਦੇ ਨਾਲ-ਨਾਲ ਸਮਾਜ ਨੂੰ ਬਦਲਣ ਦੀ ਤਾਕਤ ਵੀ ਰੱਖਦੀ ਹੈ।

 ਡਾ ਮਹਿੰਦਰ ਸਿੰਘ ਝੱਮਟ
ਸਹਿ ਸੰਪਾਦਕ, ਕੋਹਿਨੂਰ ਟਾਈਮਜ਼ ਟਾਈਮਜ਼ ਰੋਜ਼ਾਨਾ ਪੰਜਾਬੀ
ਮੋਬਾਇਲ ਨੰਬਰ: 99158-98210


“ਮੇਰਾ ਸਾਹਿਤਕ ਸਫ਼ਰ” ਮੇਹਨਤ, ਜਜ਼ਬਾ ਤੇ ਰੂਹਾਨੀ ਅਹਿਸਾਸ ਸਾਫ਼ ਦਿਖਾਈ ਦਿੰਦੇ ਹਨ: ਇੰਦਰਜੀਤ ਸਿੰਘ 
ਤੁਹਾਡਾ “ਮੇਰਾ ਸਾਹਿਤਕ ਸਫ਼ਰ” ਦਿਲੋਂ ਲਿਖਿਆ ਹੋਇਆ ਹੈ ਅਤੇ ਇਸ ਵਿੱਚ ਤੁਹਾਡੀ ਮੇਹਨਤ, ਜਜ਼ਬਾ ਤੇ ਰੂਹਾਨੀ ਅਹਿਸਾਸ ਸਾਫ਼ ਦਿਖਾਈ ਦਿੰਦੇ ਹਨ। 


ਲਿਖਤ ਦਾ ਸਭ ਤੋਂ ਵੱਡਾ ਮਜ਼ਬੂਤ ਪੱਖ ਇਹ ਹੈ ਕਿ ਇਹ ਸਿਰਫ਼ ਜਾਣਕਾਰੀ ਨਹੀਂ ਦਿੰਦੀ, ਸਗੋਂ ਪਾਠਕ ਨੂੰ ਤੁਹਾਡੇ ਸਫ਼ਰ ਨਾਲ ਜੋੜਦੀ ਹੈ, ਸ਼ੁਰੂਆਤ ਤੋਂ ਲੈ ਕੇ ਪ੍ਰਾਪਤੀਆਂ ਤੱਕ ਇੱਕ ਲਗਾਤਾਰ ਯਾਤਰਾ ਮਹਿਸੂਸ ਹੁੰਦੀ ਹੈ।

ਸ਼ੁਰੂਆਤ ਬਹੁਤ ਵਧੀਆ ਹੈ, ਪਰ ਅੰਤ ‘ਚ ਇੱਕ ਮਜ਼ਬੂਤ ਸੰਦੇਸ਼ ਜਾਂ ਪ੍ਰੇਰਣਾ ਵਾਲੀ ਲਾਈਨ ਹੋਰ ਪ੍ਰਭਾਵ ਛੱਡ ਸਕਦੀ ਹੈ।

ਕੁੱਲ ਮਿਲਾ ਕੇ ਇਹ ਲੇਖ ਸੱਚਾਈ, ਮਿਹਨਤ ਅਤੇ ਲਿਖਣ ਦੇ ਜਜ਼ਬੇ ਦੀ ਬਹੁਤ ਸੋਹਣੀ ਝਲਕ ਹੈ। ਥੋੜ੍ਹੀ ਸੰਪਾਦਨਾ ਨਾਲ ਇਹ ਇੱਕ ਸ਼ਾਨਦਾਰ ਪ੍ਰੇਰਣਾਦਾਇਕ ਲੇਖ ਬਣ ਸਕਦਾ ਹੈ।

“ਉੱਚਾ ਦਰ ਬਾਬੇ ਨਾਨਕ ਦਾ” ਸੱਚਮੁੱਚ ਪੰਜਾਬ ਦੀ ਰੂਹ ਅਤੇ ਬਾਬੇ ਨਾਨਕ ਦੇ ਫਲਸਫ਼ੇ ਨੂੰ ਦਰਸਾਉਂਦਾ ਅਨੋਖਾ ਅਜੂਬਾ ਹੈ।

ਇਸ ਤਰ੍ਹਾਂ ਦੇ ਅਜਾਇਬ ਘਰ ਸਾਡੀ ਨਵੀਂ ਪੀੜ੍ਹੀ ਨੂੰ ਇਤਿਹਾਸ, ਸੱਚ ਅਤੇ ਮਨੁੱਖਤਾ ਨਾਲ ਜੋੜਨ ਦਾ ਮਹਾਨ ਕੰਮ ਕਰ ਰਹੇ ਹਨ।

ਬਹੁਤ ਹੀ ਖੂਬਸੂਰਤ ਲੇਖਣੀ ਅਤੇ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ।


ਸੱਤ ਸੁਮੰਦਰੋਂ ਪਾਰ ਮੈਗਜ਼ੀਨ ਦੇ ਮੁੁੱਖ ਸੰਪਾਦਕ 

ਇੰਦਰਜੀਤ ਸਿੰਘ 

9814805761

 ਮਿਹਨਤ ਸਦਾ ਰੰਗ ਦਿਖਾਉਦੀ ਹੈ : ਪ੍ਰਿੰਸੀਪਲ ਬਹਾਦਰ ਸਿੰਘ ਗੋਸਲ 



Wonderful presentation. ਬਹੁਤ ਕੁਝ ਯਾਦ ਰੱਖਿਆ ਜੀ ਆਪ  ਨੇ। ਸਦਾ ਚੜਦੀ ਕਲਾ ਵਿੱਚ ਰਹੋ ਜੀ। ਮਿਹਨਤ ਸਦਾ ਰੰਗ ਦਿਖਾਉਦੀ ਹੈ ਜੀ। ਕਮਾਲ ਦੀ ਪੇਸ਼ਕਾਰੀ ਹੈ ਜੀ। ਤੁਹਾਡੀ ਸਾਹਿਤਕ ਰੁਚੀ ਨੂੰ ਸਲਾਮ ਹੈ ਜੀ। ਤੁਹਾਡਾ ਪੰਜਾਬੀ ਪਿਆਰ ਦੇਖ ਕੇ ਸਾਨੂੰ ਵੀ ਮਾਣ ਹੁੰਦਾ ਹੈ ਜੀ।

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ 

ਸੰਪਰਕ ਨੰਬਰ-98764-52223

ਤੁਹਾਡਾ ਸਾਹਿਤਕ ਸਫ਼ਰ ਯੰਗ ਜਨਰੇਸ਼ਨ ਲਈ ਪ੍ਰੇਰਨਾਦਾਇਕ : ਦਵਿੰਦਰ ਸਿੰਘ


ਬਲਜਿੰਦਰ ਜੀ, ਤੁਸੀਂ ਆਪਣੇ ਸਾਹਿਤਕ ਸਫਰ ਬਾਰੇ ਬਹੁਤ ਵਧੀਆ ਲਿਖਿਆ ਹੈ। ਤੁਹਾਡੇ ਵੱਲੋਂ ਆਪਣੀਆਂ ਪ੍ਰਾਪਤੀਆਂ ਨੂੰ ਕਲਮਬੰਦ ਕਰਕੇ ਇਹ ਜੋ ਡਾਕੂਮੈਂਟ ਤਿਆਰ ਕੀਤਾ ਹੈ। ਇਹ ਤੁਹਾਡੇ ਪਰਿਵਾਰ ਦੇ ਬੱਚਿਆਂ ਲਈ ਇੱਕ ਬਹੁਤ ਵਧੀਆ ਤੋਹਫਾ ਹੈ। ਯੰਗ ਜਨਰੇਸ਼ਨ ਨੂੰ ਇਸ ਤੋਂ ਬਹੁਤ ਪ੍ਰੇਰਨਾ ਮਿਲੇਗੀ ਕਿ ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਕੁਝ ਨਾ ਕੁਝ ਚੰਗਾ ਕਰਦੇ ਰਹੀਏ। ਸਾਡੀਆਂ ਹਮੇਸ਼ਾ ਦੁਆਵਾਂ ਨੇ ਕਿ ਤੁਸੀਂ ਚੰਗਾ ਲਿਖਦੇ ਰਹੋ ਔਰ ਬੁਲੰਦੀਆਂ ਛੂਦੇ ਰਹੋ।

Davinder Singh 

Programme Executive (Retd)

All India Radio, Chandigarh.

9872190740


ਤੁਹਾਡੀ ਕਲਮ ਨੂੰ ਸਲਾਮ : ਜਗਵੀਰ ਕੌਰ (Artist)

ਬਹੁਤ ਹੀ ਵਧੀਆ ਜੀ ਸਹੀ ਕਿਹਾ ਤੁਸੀਂ ਲਿਖਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਤੁਹਾਡੀ ਸੋਚ ਤੇ ਤੁਹਾਡੀ ਕਲਮ ਨੂੰ ਸਲਾਮ ਤੇ ਤੁਹਾਨੂੰ ਬਹੁਤ ਬਹੁਤ ਮਬਾਰਕਾਂ, ਬਹੁਤ ਵਧੀਆ ਲਿਖਿਆ ਤੁਸੀ, ਤੁਹਾਡੇ ਲੇਖਾਂ ਰਾਹੀਂ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਧੁੰਦਲੀਆਂ ਯਾਦਾਂ ਨੂੰ ਤਾਜ਼ਾ ਕਰ ਸਕੀਏ , ਤੁਹਾਡੀਆਂ ਰਚਨਾਵਾਂ ਤੇ ਤੁਹਾਡੀਆਂ ਉਪਲਬੱਧੀਆਂ ਲਈ।  

Artist ਜਗਵੀਰ ਕੌਰ 

https://www.instagram.com/eknoorart?utm_source=qr&igsh=MXV6aWl1Y3pwc2t4aQ==

9501934512


ਤੁਹਾਡੇ ਆਰਟੀਕਲ ਅਤੇ ਕਵਿਤਾਵਾਂ ਬਹੁਤ ਮਿਹਨਤ ਨਾਲ ਲਿਖੇ ਹੋਏ:ਜਗਮੋਹਨ ਸਿਘ ਲੱਕੀ 


ਬਹੁਤ ਵਧੀਆ, ਤੁਸੀਂ ਦਿਨੋਂ ਦਿਨ ਤਰੱਕੀ ਕਰ ਰਹੇ ਹੋ , ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਕਿ ਕੋਈ ਆਪਣਾ ਪੁਰਾਣਾ ਸਾਥੀ ਚੰਗੀ ਤਰੱਕੀ ਕਰ ਰਿਹਾ ਹੈ। ਮੈਂ ਦੁਆ ਕਰਦਾ ਹਾਂ ਕਿ ਇਸੇ ਤਰ੍ਹਾਂ ਹੋਰ ਤਰੱਕੀ ਕਰਦੇ ਰਹੋ। ਤੁਹਾਡੇ ਕਈ ਆਰਟੀਕਲ ਅਤੇ ਕਵਿਤਾਵਾਂ ਮੈਂ ਪੜੀਆਂ ਹਨ, ਸਾਰੇ ਬਹੁਤ ਚੰਗੇ ਹਨ। ਬਹੁਤ ਮਿਹਨਤ ਨਾਲ ਲਿਖੇ ਹੋਏ ਹਨ।  ਇਸੇ ਤਰ੍ਹਾਂ ਤਰੱਕੀ ਕਰਦੇ ਰਹੋ।                                  

ਲੇਖਕ -ਜਗਮੋਹਨ ਸਿੰਘ ਲੱਕੀ (ਪਟਿਆਲਾ)

94638-19174

ਬਲਜਿੰਦਰ ਜੀ ਤੁਸੀਂ ਸੱਚੀ-ਸੁੱਚੀ ਸਹਿਤਕ ਘਾਲਣਾ ਘਾਲ ਰਹੇ ਹੋ : ਮਨਜੀਤ ਸਿੰਘ ਮੁਝੈਲ


ਬਲਜਿੰਦਰ ਜੀ ਤੁਸੀਂ ਸੱਚੀ-ਸੁੱਚੀ ਸਹਿਤਕ ਘਾਲਣਾ ਘਾਲ ਰਹੇ ਹੋ। ਵਖੋ-ਵੱਖ ਪੜਾਵਾਂ ਤੋਂ ਗੁਜ਼ਰਦਿਆਂ ਸਹਿਜੇ ਹੀ ਨਿਖਾਰ ਅਉਂਦਾ ਚਲਿਆ ਜਾਂਦਾ ਹੈ। ਬਹੁ-ਪਖੀ ਸ਼ਖਸੀਅਤ ਦੇ ਮਾਲਕ ਹੋ। ਵਾਹਿਗੁਰੂ ਤਰਕੀਆਂ ਬਖਸ਼ਣ।

ਲੇਖਕ- ਮਨਜੀਤ ਸਿੰਘ ਮੁਝੈਲ 

ਸੰਪਰਕ ਨੰ: 9814407940

ਬਲਜਿੰਦਰ ਜੀ ਤੁਹਾਡੀ ਕਲਮ ਭਾਵਨਾਵਾਂ ਦੀ ਰੌਸ਼ਨੀ ਹੈ?- “ਜਸਵੰਤ ਸਿੰਘ ਢੀਂਡਸਾ’’

ਆਪ ਦੀ ਕਲਮ ਵਿੱਚ ਸੰਸਕਾਰਾਂ ਦੀ ਖੁਸ਼ਬੂ, ਪੰਜਾਬੀ ਮਿੱਟੀ ਦੀ ਮਿਠਾਸ ਅਤੇ ਇਤਿਹਾਸਕ ਚੇਤਨਾ ਦੀ ਚਮਕ ਸਾਫ਼ ਦਿਖਾਈ ਦਿੰਦੀ ਹੈ। “ਉੱਚਾ ਦਰ ਬਾਬੇ ਨਾਨਕ ਦਾ”ਵਰਗੇ ਵਿਸ਼ਿਆਂ ਨੂੰ ਆਪ ਨੇ ਜਿਵੇਂ ਦਰਸਾਇਆ ਹੈ, ਉਹ ਸਿਰਫ਼ ਜਾਣਕਾਰੀ ਨਹੀਂ , ਸਗੋਂ ਪਾਠਕ ਦੇ ਅੰਦਰ ਇੱਕ ਆਧਿਆਤਮਿਕ ਅਨੁਭਵ ਜਗਾਉਂਦਾ ਹੈ। ਆਪ ਦੀਆਂ ਰਚਨਾਵਾਂ ਵਿੱਚ ਨਵੀਂ ਸੋਚ, ਪਰੰਪਰਾਵਾਂ ਨਾਲ ਜੋੜ ਅਤੇ ਰਚਨਾਤਮਕਤਾ ਦਾ ਅਨੋਖਾ ਮੇਲ ਹੈ।

ਆਪ ਦੇ ਲੇਖ ਸਮਾਜ ਲਈ ਪ੍ਰੇਰਣਾ ਹਨ। ਜੋ ਸਿਰਫ਼ ਲਿਖੇ ਨਹੀਂ ਹੁੰਦੇ, ਸਗੋਂ ਪੜ੍ਹਨ ਵਾਲੇ ਦੇ ਦਿਲ ਵਿੱਚ ਸੋਚ ਦਾ ਦੀਵਾ ਜਗਾਉਂਦੇ ਹਨ। ਆਪ ਦੀ ਕਲਮ ਬਾਰੇ ਸਿਰਫ ਏਹੋ ਹੀ ਲਿਖਿਆ ਜਾ ਸਕਦਾ ਹੈ ਕਿ ਇਹ ਸਿਰਫ਼ ਲਿਖਤ ਨਹੀਂ, ਇੱਕ ਜੀਵੰਤ ਸਾਹਿਤਕ ਯਾਤਰਾ ਹੈ ਜੋ ਲੰਮਾ ਸਮਾਂ ਯਾਦ ਰਹੇਗੀ।

ਜਸਵੰਤ ਸਿੰਘ ਢੀਂਡਸਾ”
ਸੇਵਾ ਮੁਕਤ ਸੀਨੀਅਰ ਅਸਿਸਟੈਂਟ ਵਾਟਰ ਸਪਲਾਈ ਵਿਭਾਗ ਮੋਹਾਲੀ
ਪਿੰਡ ਈਸਰਹੇਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਮੌਜੂਦਾ ਰਿਹਾਇਸ਼ ਸੰਨੀ ਇਨਕਲੇਵ ਖਰੜ)
ਸੰਪਰਕ ਨੰ: 9779916631

ਕਵਿਤਰੀ ਬਲਜਿੰਦਰ ਕੌਰ ਸ਼ੇਰਗਿੱਲ ਦਾ ਕਾਵਿ ਔਰਤ-ਮਰਦ ਦੇ ਅਵਚੇਤਨ ਮਨ ਨੂੰ ਪੇਸ਼ ਕਰਦੀ ਹੈ -ਡਾ. ਪ੍ਰਦੀਪ ਸਿੰਘ 

ਕਵਿਤਰੀ ਬਲਜਿੰਦਰ ਕੌਰ ਸ਼ੇਰਗਿੱਲ ਦਾ ਕਾਵਿ ਔਰਤ-ਮਰਦ ਦੇ ਅਵਚੇਤਨ ਮਨ ਨੂੰ ਪੇਸ਼ ਕਰਦਾ ਹੈ। ਮਨ ਦੀਆਂ ਅਸੀਮ ਪਰਤਾਂ ਨੂੰ ਖੋਲ੍ਹ ਦੀ ਹੋਈ ਲਫ਼ਜਾਂ ਨਾਲ ਇਕ ਵੱਖਰਾ ਸੰਸਾਰ ਸਿਰਜਦੀ ਹੈ। ਔਰਤ-ਮਰਦ ਦੇ ਅਵਚੇਤਨ ਨੂੰ ਛੂਹਦੀ ਹੋਈ ਆਖਰੀ ਧੁੰਨ ਤੱਕ ਪਹੁੰਚ ਦੀ ਸਮਰੱਥਾ ਰੱਖਦੀ ਹੈ।ਕਵਿਤਰੀ ਜਿਥੇ ਅਵਚੇਤਨ ਦੀ ਗੱਲ ਕਰਦੀ ਹੈ ਉਥੇ ਹੀ ਸਮਾਜਕ ਤਾਣੇ ਬਾਣੇ ਨੂੰ ਵੀ ਸਮਝਦੀ ਹੋਈ ਕਾਵਿ ਨੂੰ ਆਨੰਦਮਈ ਬਣਾ ਕੇ ਇਕ ਪਰਤ ਤੋਂ ਦੂਜੀ ਪਰਤ ਵਿੱਚ ਪ੍ਰਵੇਸ਼ ਕਰਦੀ ਹੈ। ਕਾਵਿ ਵਿੱਚ ਇਕ ਅਜਿਹੀ ਪਿਆਸ ਹੈ ਜੋ ਹਰ ਇਕ ਨੂੰ ਆਪਣੇ ਵਲ ਖਿੱਚ ਲੈਂਦੀ ਹੈ। ਜੇਕਰ ਕਾਵਿ ਯੁਕਤਾਂ ਦੀ ਗੱਲ ਕਰੀਏ ਤਾਂ ਹਲੇ ਹੋਰ ਸ਼ਬਦਾਂ ਨਾਲ ਘੁੱਲਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਪੰਜਾਬ ਤੇ ਪੰਜਾਬੀਅਤ ਲਈ ਕਲਮ ਹਮੇਸ਼ਾ ਇਕ ਆਵਾਜ਼ ਬਣ ਕੇ ਉੱਠਦੀ ਰਹੇ।
- ਡਾ. ਪਰਦੀਪ ਗਿੱਲ 
8196022716

ਪ੍ਰੀਤ (ਕਵਿਤਾ)

 






ਤੇਰੀ ਪ੍ਰੀਤ ਦੇ ਵਿੱਚ,

ਕਲਮ ਨੇ ਦਿੱਤਾ ਹਰਫ਼ਾਂ ਨੂੰ ਲਿਖ,

ਤੇਰੀ ਪ੍ਰੀਤ ਦੇ ਵਿੱਚ।



ਤੈਨੂੰ ਕੋਈ ਸਾਰ ਨਹੀਂ,

ਤੈਨੂੰ ਕੋਈ ਸੁਨੇਹਾ ਨਹੀਂ,

ਦਿੱਤਾ ਤੂੰ ਸਾਨੂੰ ਤੋਹਫਾ ਮੁਹੱਬਤ,

ਤੇਰੀ ਪ੍ਰੀਤ ਦੇ ਵਿੱਚ।



ਕਾਗਜ਼ ਪੁੱਛਦਾ ਹੈ ਮੈਨੂੰ,

ਹੋਇਆ ਕੀ ਤੈਨੂੰ,

ਹਰਫ਼ਾਂ ਨਾਲ ਸਾਂਝ,

ਕਿਉਂ ਪੈ ਗਈ ਤੈਨੂੰ,

ਤੇਰੀ ਪ੍ਰੀਤ ਦੇ ਵਿੱਚ।



ਮੈਂ ਕਾਗਜ਼ ਨੂੰ ਲਿਖ- ਲਿਖ,

ਹਾਲ ਦੱਸਦੀ ਰਹਾਂ,

ਅੱਖਾਂ ’ਚ ਹੰਝੂ ਕੇਰ -ਕੇਰ,

ਤੇਰੀ ਪ੍ਰੀਤ ਦੇ ਵਿੱਚ।


ਸ਼ਾਇਰਾਂ ਬਣਾ ਕੇ ‘‘ਬਲਜਿੰਦਰ’’ ਨੂੰ,

ਭੌਰ ਹੋਇਆ ਤੂੰ ਕਿੱਧਰ,

ਤੇਰੀ ਪ੍ਰੀਤ ਦੇ ਵਿੱਚ।


ਬਲਜਿੰਦਰ ਕੌਰ ਸ਼ੇਰਗਿੱਲ 

Tuesday, May 12, 2026

ਰੱਬ ਦੇ ਉਪਕਾਰ (ਕਵਿਤਾ)



ਜੁੜੇ ਲਗਦੇ ਜਿਸ ਨਾਲ ਰੂਹ ਤੋਂ ਕੋਈ ਤਾਰ,

ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ।

ਕਰ ਦੇਵਾਂ ਮੈਂ ਉਸ ਰੱਬ ਤੋਂ ਜ਼ਿੰਦਗੀ ਨਿਸਾਰ,

ਦੁਨੀਆ 'ਚ ਆਉਣ ਦਾ ਮੈਨੂੰ ਦਿੱਤਾ ਜਿਸ ਨੇ ਅਧਿਕਾਰ।

ਉਹਦੀ ਬੁੱਕਲ 'ਚ ਮਿਲੇ ਜੰਨਤ ਜੇਹਾ ਪਿਆਰ,

ਕਿੰਝ ਲਿਖਾਂ ਮੈਂ ਉਸ ਰੱਬ ਦੇ ਉਪਕਾਰ।

ਭਾਵੇਂ ਹੁਣ ਉਹ ਛੇਤੀ ਹੋ ਜਾਂਦੀ ਬਿਮਾਰ,

ਤਰਸ ਦੀਆਂ ਅੱਖੀਆਂ ਆਖਣ,

ਮਿਲ ਜਾ ਆ ਕੇ ਇੱਕ ਵਾਰ। 

ਮੰਨਣ ਨਹੀਂ ਦਿੰਦੀ ਉਹ ਮੈਨੂੰ ਕਦੀ ਹਾਰ,

ਦੁਆਵਾਂ ਦੇ-ਦੇ ਕੇ ਕੰਮ ਚੜਾ ਦਿੰਦੀ ਪਾਰ।

“ਬਲਜਿੰਦਰ’’ ਡੁੱਬਦਾ ਬੇੜਾ ਤਰ ਜਾਂਦਾ,

ਜਿਸ ਕੋਲ ਹੋਵੇ ਮਾਂ ਦਾ ਪਿਆਰ।

ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ......

ਨਹੀਓਂ ਭੁੱਲ ਸਕਦੀ ਮੈਂ ਉਸ ਮਾਂ ਦੇ ਉਪਕਾਰ......

ਬਲਜਿੰਦਰ ਕੌਰ ਸ਼ੇਰਗਿੱਲ 

Sunday, May 10, 2026

ਪੁਸਤਕ ਰਿਵਿਊ , ਸੋਚ ਤੋਂ ਸੱਚ ਤੱਕ (ਬਾਲ ਕਾਵਿ-ਸੰਗ੍ਰਹਿ)



ਪੁਸਤਕ :         ਸੋਚ ਤੋਂ ਸੱਚ ਤੱਕ (ਬਾਲ ਕਾਵਿ-ਸੰਗ੍ਰਹਿ)


ਲੇਖਿਕਾ:                   ਬਲਜਿੰਦਰ ਕੌਰ ਸ਼ੇਰਗਿੱਲ


ਪੰਨੇ:              36,  ਮੁੱਲ:125ਰੁਪਏ


ਪ੍ਰਕਾਸ਼ਕ:         ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ


ਅਜੋਕਾ ਵਿਦਿਆਰਥੀ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਲ ਸਮਾਜ ਦਾ ਭਵਿੱਖ ਵੀ ਹੈ।ਉਸ ਨੇ ਹੀ ਵੱਡੇ ਹੋ ਕੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।ਇਸ ਲਈ ਬੱਚੇ ਦੀ ਜੀਵਨ ਉਸਾਰੀ ਵਿਚ ਕਈ ਹੋਰਨਾਂ ਖਾਸ ਗੱਲਾਂ ਦੇ ਨਾਲ-ਨਾਲ ਬਾਲ ਸਾਹਿਤ ਦੀ ਬਹੁਤ ਭੂਮਿਕਾ ਹੈ। ਸਮਾਜ ਨੂੰ ਜਿੰਨੀ ਜ਼ਿਆਦਾ ਜ਼ਰੂਰਤ ਬਾਲ ਸਾਹਿਤ ਦੀ ਹੈ, ਉੰਨੀ ਹੀ ਇਸ ਦੇ ਉਲਟਭਾਵ ਬਾਲ ਸਾਹਿਤ ਸਾਹਿਤਕਾਰਾਂ ਦੀ ਗਿਣਤੀ ਬਹੁਤ ਘੱਟ ਹੈ।ਇਸੇ ਥੋੜੀ ਗਿਣਤੀ ’ਚ ਇਹ ਹੋਰ ਨਵਾਂ ਨਾਂ ਬਲਜਿੰਦਰ ਕੌਰ ਸ਼ੇਰਗਿੱਲ ਉਭਰਿਆ ਹੈ, ਜਿਸ ਨੇ ਬੱਚਿਆਂ ਲਈ ਪੁਸਤਕ ‘ਸੋਚ ਤੋਂ ਸੱਚ ਤੱਕ (ਬਾਲ ਕਾਵਿ-ਸੰਗ੍ਰਹਿ)’ ਲਿਖ ਕੇ ਬਾਲ ਸਾਹਿਤ ’ਚ ਆਪਣਾ ਯੋਗਦਾਨ ਪਾਇਆ ਹੈ।ਇਸ ਪੁਸਤਕ ਵਿਚ ਬੱਚਿਆਂ ਦੀਆਂ ਭਾਵਨਾਵਾਂ ਅਤੇ ਵਲਵਲਿਆਂ ਨੂੰ ਦਰਸਾਉਂਦੀਆਂ 26 ਬਾਲ ਕਵਿਤਾਵਾਂ ਹਨ।  ਲਗਭਗ ਸਾਰੀਆਂ ਕਵਿਤਾਵਾਂ ਬੱਚਿਆਂ ਦੀਆਂ ਰੁਚੀਆਂ ਅਤੇ ਮਾਨਸਿਕ ਪੱਧਰ ਨੂੰ ਮੁੱਖ ਰੱਖ ਕੇ ਸੌਖੀ ਅਤੇ ਸਰਲ ਭਾਸ਼ਾ ਵਿਚ ਸਿਰਜੀਆਂ ਗਈਆਂ ਹਨ।



ਸ਼ੇਰਗਿੱਲ ਨੇ ਪਹਿਲੀ ਕਵਿਤਾ ‘ਵਿਛੋੜਾ’ ਰਾਹੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਲਾਸੀਨੀ ਇਤਿਹਾਸ ਨੂੰ ਦਰਸਾਉਦਿਆਂ ਕੁੱਝ ਇਉਂ ਲਿਖਿਆ ਹੈ:-


“ਪੋਹ ਮਹੀਨਾ ਸੀਨੇ ਠੰਡ ਪਾਵੇ,

ਸਰਸਾ ਆਪਣਾ ਪ੍ਰਕੋਪ ਦਿਖਾਵੇ।

ਹੋਣੀ ਆ ਪਹੁੰਚੀ ਪਾਉਣ ਵਿਛੋੜੇ,

ਖੇਰੂੰ-ਖੇਰੂੰ ਕਰ ਪਈ ਮੁਸਕਰਾਵੇ।

ਕਾਲ਼ੀਆਂ ਘਟਾਵਾਂ ਬੱਦਲ਼ ਚੁਫੇਰੇ,

ਪੋਤਿਆਂ ਨੂੰ ਲਈ ਮਾਂ ਜੰਗਲਾਂ ’ਚ ਫਿਰੇ।

ਦਾਦੀ- ਦਾਦੀ ਕਰਦੇ ਪੋਤੇ ਪੁੱਛਦੇ,

ਪਿਤਾ ਤੇ ਵੀਰੇ ਨਹੀਓਂ ਦਿੱਸਦੇ

ਦਾਦੀ ਸੀਨੇ ਲਾ, ਬੱਚਿਆਂ ਨੂੰ ਆਖੇ,

ਪਿੱਛੇ-ਪਿੱਛੇ ਆਉਂਦੇ ਤੇਰੇ ਵੱਡੇ ਵੀਰੇ।“

ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਕਵਿਤਾ ‘ਦਾਦਾ ਪੋਤੀ’ ਦਾ ਆਨੰਦ ਮਾਣਦੇ ਹਾਂ :-

“ਦਾਦਾ ਪੋਤੀ ਨੂੰ ਲਾਡ ਲਡਾਵੇ,

ਪੋਤੀ ਵੀ ਦਾਦੇ ਕੋਲ ਭੱਜ-ਭੱਜ ਜਾਵੇ,

ਸਦਕੇ ਜਾਵਾਂ ਧੀ ਰਾਣੀਏ।

ਭੋਲੀ ਤੇਰੀ ਸੂਰਤ ਸੋਹਣੀ,

ਸਭਨਾਂ ਦੇ ਮਨ ਨੂੰ ਮੋਹਣੀ,

ਆ ਖੇਡਾਂ ਖੇਡੀਏ ਧੀ ਰਾਣੀਏ।“

ਪੰਜਾਬੀ ਰਹਿਤਲ ਦੀ ਪ੍ਰੰਪਰਾ ਦੇ ਆਮ ਜਨ-ਜੀਵਨ ਦੇ ਪ੍ਰਚੱਲਤ ਵਿਸ਼ਿਆਂ ’ਚੋਂ ਲਏ ਬਾਕੀਵੀ ਸਿਰਲੇਖ ‘ਕਿਤਾਬਾਂ’, ‘ਜੇ ਮੈਂ ਬੱਚਾ ਹੋਵਾਂ’, ‘ਤਿੱਤਲੀ’, ‘ਭੰਬੀਰੀ (ਫਿਰਕੀ)’, ‘ਪੰਜਾਬੀ ਮਾਂ-ਬੋਲੀ ਬੋਲ ਰਹੀ ਹਾਂ’,  ‘ਸੂਰਜ ਉੱਠਦਾ ਦੇਰੀ ਨਾਲ’, ‘ਹੋਲੀ’, ‘ਮੋਟਰਸਾਈਕਲ’, ‘ਡੋਰ’, ‘ਅੱਖਰ’, ‘ਮੇਰੀ ਬੋਲੀ’, ‘ਮਾਂ ਦੀ ਮਮਤਾ’, ‘ਯੋਗਾ’, ‘ਨੈਂਟ ਬੰਦ’, ‘ਬੂਟਾ’,  ‘ਪਿਆਸੇ ਪੰਛੀ’, ‘ਬਸੰਤ ਰੁੱਤ’, ‘ਮਿਲਾਵਟ’, ‘ਆਸ ਬਾਕੀ ਹੈ’, ‘ਪੜ੍ਹਾਈ’, ‘ਵੋਟ’, ‘ਬਸਤਾ’ ਅਤੇ ‘ਆਈ ਵਿਸਾਖੀ ਚੜ੍ਹਿਆ ਵੈਸਾਖ’ ਹੇਠ ਉਪਜੀਆਂ ਕਹਾਣੀਆਂ ਵੀ ਵਧੀਆ ਹਨ। ਜਿਨ੍ਹਾਂ ਦੇ ਸਿਰਲੇਖ ਪੜ੍ਹਨ ਉਪਰੰਤ ਹੀ ਪੂਰੀ ਲਿਖਤ ਨੂੰ ਪੜ੍ਹਨ ਦੀ ਉਤਸੁਕਤਾ ਪਾਠਕ ਦੇ ਅੰਦਰ ਆਪਣੇ ਆਪ ਪੈਦਾ ਹੋ  ਜਾਂਦੀ ਹੈ।  ਸੰਗ੍ਰਹਿ ਦੀ ਕਹਾਣੀ ‘ਸੋਚ ਤੋਂ ਸੱਚ ਤੱਕ’ ਨੂੰ ਵਧੀਆ ਕਹਾਣੀ ਮੰਨਦੇ ਹੋਏ ਲੇਖਿਕਾ ਨੇ ਪੁਸਤਕ ਦਾ ਸਿਰਲੇਖ ਵੀ ਦਿੱਤਾ ਹੈ।



“ਬੱਚਿਓ! ਜੋ ਸੋਚ ਲਿਆ ਜ਼ਿੰਦਗੀ ’ਚ,

ਉਹ ਸੱਚ ਕਰ ਦਿਖਾਉਣਾ ਹੈ।

ਪੜ-ਲਿਖ ਕੇ ਇੱਕ ਦਿਨ ਤੁਸਾਂ,

ਭਾਰਤ ਦਾ ਨਾਂ ਚਮਕਾਉਣਾ ਹੈ।

ਕਰੋ ਪੜ੍ਹਾਈ ਮਨ ਲਗਾ ਕੇ,

ਗੁਰੂਆਂ (ਅਧਿਆਪਕਾਂ) ਦਾ ਮਾਣ ਵਧਾਉਣਾ ਹੈ।

ਵਿੱਦਿਆ ਦੇ ਸਾਗਰ ’ਚ ਮਾਰ ਚੁੱਭੀ,

ਜੀਵਨ ਨੂੰ ਸੌਖਾ ਤੇ ਸਹਿਜ ਬਣਾਉਣਾ ਹੈ।

ਇੱਜ਼ਤ ਤੇ ਈਮਾਨਦਾਰੀ ਦਾ,

ਗਹਿਣਾ ਸਦਾ ਹੀ ਪਾਉਣਾ ਹੈ।

ਭੀੜ ਪਏ ਜਦ ਦੇਸ਼ ਉਤੇ,

ਵੈਰੀ ਨੂੰ ਮਾਰ ਮੁਕਾਉਣਾ ਹੈ।

‘ਬਲਜਿੰਦਰ’’ ਆਖੇ ਗੱਲ ਇੱਕੋ ਬਚਿਓ!

ਸੋਚ ਤੋਂ ਸੱਚ ਤੱਕ ਦਾ ਸਫ਼ਰ ਚਲਾਉਣਾ ਹੈ।“ 


ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਪੁਸਤਕ ਦੇ ਮੁੱਖ ਬੰਧ ’ਚ ਸਹੀ ਲਿਖਿਆ ਹੈ ਕਿ ਸਾਰੀਆਂ ਕਵਿਤਾਵਾਂ ਬੱਚਿਆਂ ਦੇ ਹਾਣ ਦੀਆਂ, ਉਨ੍ਹਾਂ ਦੀ ਮਨੋਵਿਗਿਆਨਿਕ ਰੁਚੀ ਅਤੇ ਚੰਗੇਰਾ ਪੜ੍ਹਨ ਲਈ ਪ੍ਰੇਰਣਾ ਵਾਸਤੇ ਬਹੁਤ ਹੀ ਦਿਲਚਸਪ ਹਨ। ਕਵਿਤਾਵਾਂ ਨੂੰ ਸਚਿੱਤਰ ਕਰਕੇ ਇਸ ਨੂੰ ਹੋਰ ਸੁੰਦਰ ਬਣਾਇਆ ਗਿਆ ਹੈ ਜੋ ਬੱਚਿਆਂ ਦੇ ਕੋਮਲ ਮਨਾਂ ਨੂੰ ਹੋਰ ਟੁੰਭਦੀਆਂ ਨਜ਼ਰ ਆਉਂਦੀਆਂ ਹੈ। ਛੋਟੇ ਬਾਲ ਨਿਆਣਿਆਂ ਲਈ ਇਹ ਬਾਲ ਪੁਸਤਕ ਬਹੁਤ ਹੀ ਮਨਭਾਉਂਦੀ ਸਾਬਤ ਹੋਵੇਗੀ

ਲੇਖਿਕਾ ਨੇ ਇਹ ਕਿਤਾਬ ਉਨ੍ਹਾਂ ਬੱਚਿਆਂ ਨੂੰ ਸਮਰਪਿਤ ਕੀਤੀ ਹੈ ਜਿਹੜੇ ਬੱਚੇ ਕਿਤਾਬਾਂ ਨੂੰ ਦੋਸਤ ਨਹੀਂ, ਦੋਸਤੀ ਦਾ ਸੰਸਾਰ ਸਮਝਦੇ ਹਨ। ਪੁਸਤਕ ਦਾ ਮੁੱਲ ਵੀ 125 ਰੁਪਏ ਵਾਜਿਬ ਹੈ। ਇਹ ਪੁਸਤਕ ਆਪਣੇ ਬੱਚਿਆਂ ਨੂੰ ਜਰੂਰ ਪੜ੍ਹਾਉਣੀ ਚਾਹੀਦੀ ਹੈ।ਪੁਸਤਕ ਦੇ ਇਸ ਪ੍ਰਕਾਸ਼ਨ ਉਪਰਾਲੇ ਲਈ ਕਹਾਣੀਕਾਰਾ ਵਧਾਈ ਦੀ ਹੱਕਦਾਰ ਹੈ।ਜਿਸਨੇ ਆਪਣੀ ਰੋਜ਼-ਮਰ੍ਹਾਦੀ ਜਿੰਦਗੀ ’ਚੋਂ ਸਮਾਂ ਕੱਢਕੇ ਅਤੇ ਆਪਣੇ ਪੱਲਿਓਂ ਖਰਚਾ ਕਰਕੇ ਪੰਜਾਬੀ ਸਾਹਿਤ ਜਗਤ ਦੀ ਨਿਸ਼ਕਾਮ ਸੇਵਾ ਕੀਤੀ ਹੈ।ਮੈਂ ਪਾਠਕ, ਲੇਖਕ ਅਤੇ ਆਲੋਚਕ ਹੋਣ ਦੇ ਨਾਤੇ ਇਸ ਬਾਲ ਸਾਹਿਤ ਪੁਸਤਕ ਦਾ ਪੰਜਾਬੀ ਸਾਹਿਤ ਜਗਤ’ਚ ਭਰਪੂਰ ਸਵਾਗਤ ਕਰਦਾ ਹਾਂ।

ਜਸਵਿੰਦਰ ਸਿੰਘ ਕਾਈਨੌਰ

Address:-

Jaswinder Singh Kainaur

187, Sector 15, Dashmesh Nagar, KHARAR,

Distt. Mohali, Contact 98888-42244

Email: jaswinderkainaur@gmail.com

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...