Tuesday, June 16, 2026

ਮੈਂ ਤੇ ਹਵਾਵਾਂ







ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ

ਮੈਂ ਹਵਾਵਾਂ ਨੂੰ ਪੁੱਛਿਆ,

ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ|


ਹਵਾਵਾਂ ਹੱਸੀਆਂ ਤੇ ਬੋਲੀਆਂ,

ਤੂੰ ਜਿਸ ਨੂੰ ਮਿਲਣਾ,

ਉਹ ਰਾਹਾਂ ਬਹੁਤ ਲੰਮੀਆਂ |


ਮੈਂ ਆਖਿਆ,

ਖ਼ਿਦਮਤ ਖ਼ੁਦਾ ਦੀ,

ਜਿਨ੍ਹਾਂ ਰਾਹਾਂ 'ਤੇ ਤੁਰਨਾ ਉਹ ਰਾਹਾਂ,

ਰੱਬ ਵਲੋਂ ਗਈਆਂ ਨੇ ਘੱਲੀਆਂ |


ਮੈਂ ਟੁਰਾਂਗੀ ਤੇ ਟੁਰਦੀ ਰਹਾਂਗੀਂ,

ਆਖਿਰ ਪੱਥਰਾਂ ਨੂੰ ਚੀਰ ਕੇ,

ਸਾਗਰ ਵਿਚ ਜਾ ਮਿਲਾਂਗੀ |


ਹਵਾਵਾਂ ਹੱਸੀਆਂ ਤੇ ਬੋਲੀਆਂ,

ਮੁਹੱਬਤਾਂ ਵੀ ਬੜੀਆਂ ਹੁੰਦੀਆਂ ਭੋਲੀਆਂ,

ਰੱਬ ਆਖਿਰਾਂ ਨੂੰ ਭਰ ਦਿੰਦਾ ਝੋਲੀਆਂ |


ਜਦ ਉਹ ਛੂਹ ਕੇ ਲੰਘੀਆਂ,

ਮੇਰੇ ਜਿਸਮ ਤੇ ਲੂ-ਲੂ ਸੀ,

ਮੇਰੀ ਰੂਹ ਨੂੰ ਰੱਬ ਦਾ,

ਆ ਰਿਹਾ ਸਰੂਰ ਸੀ |


ਮੁੱਖ 'ਤੇ ਵੀ ''ਬਲਜਿੰਦਰ'' ਦੇ,

ਕੋਈ ਵੱਖਰਾ ਹੀ ਨੂਰ ਸੀ|


ਬਲਜਿੰਦਰ ਕੌਰ ਸ਼ੇਰਗਿੱਲ 

Monday, June 15, 2026

ਖ਼ੁਦਾ ਮਿਹਰਬਾਨ


ਰੂਹ ਤੋਂ ਔਰਤ ਜਾਤ ਦਾ ਜੋ ਵੀ ਕਰਦਾ ਸਨਮਾਨ,

ਖ਼ੁਦਾ ਐਸੀਆਂ ਰੂਹਾਂ ’ਤੇ ਫਿਰ ਹੋ ਜਾਂਦੈ ਮਿਹਰਬਾਨ।

ਵੱਡੇ ਵੱਡਿਆਂ ਦੇ ਰੱਬ ਤੋੜ ਦਿੰਦਾ ਅਭਿਮਾਨ, 

ਫਿਰ ਅੰਨ੍ਹੀਂ ਦੌਲਤ ਦਾ ਕਿਉਂ ਤੂੰ ਕਰੇਂ ਗੁਮਾਨ। 


ਬੇਗਾਨੀਆਂ ’ਤੇ ਤਸ਼ੱਦਦ ਕਰ ਬਣ ਨਾ ਬਲਵਾਨ। 

ਕੀ ਤੈਨੂੰ ਪਤੈਂ? ਕਿ ਤੂੰ ਕਿੰਨੇਂ ਦਿਨ ਦਾ ਮਹਿਮਾਨ। 

ਜਿਹੋ ਜਿਹੇ ਕਰਮ ਤੂੰ ਕਰਦਾ ਏ, ਉਹੋ ਜਿਹੇ ਹੀ ਹੋਣ ਪ੍ਰਵਾਨ,  

ਕਰਮਾਂ ਦੇ ਹਿਸਾਬ ਨਾਲ ਸੂਤ ਸਮੇਤ ਮਿਲਦਾ ਏ ਵਰਦਾਨ।    

ਸੱਚੀਆਂ ਨੀਅਤਾਂ ਨਾਲ ‘‘ਬਲਜਿੰਦਰ’’, ਵਧਦੀ ਜੱਗ ’ਤੇ ਸ਼ਾਨ,

ਰਹਿੰਦੀ ਦੁਨੀਆਂ ਤੱਕ  ਫਿਰ ਉਸਦੇ ਝੂਲਦੇ ਰਹਿਣ ਨਿਸ਼ਾਨ।  

ਰੂਹ ਤੋਂ ਔਰਤ ਜਾਤ ਦਾ ਜੋ ਵੀ ਕਰਦਾ ਸਨਮਾਨ,

ਖ਼ੁਦਾ ਐਸੀਆਂ ਰੂਹਾਂ ’ਤੇ ਫਿਰ ਹੋ ਜਾਂਦੈ ਮਿਹਰਬਾਨ।

ਬਲਜਿੰਦਰ ਕੌਰ ਸ਼ੇਰਗਿੱਲ

Sunday, June 14, 2026

ਵਫ਼ਾ ਦੀ ਤੌਹੀਨ



ਅੱਜ ਮੈਂ ਗੱਲ ਇੱਕੋਂ ਕਰਨੀਂ ਹੈ,
ਗੱਲ ਇੱਕ ਬਦਨਸਲੀ ਦੀ ਕਰਨੀ ਹੈ।

ਸੂਈ ਦੇ ਨੱਕੇ ’ਚੋਂ ਕੱਢ ਕੇ,
ਗੱਲ ਸੱਚੇ ਇਸ਼ਕ ਦੀ ਕਰਨੀ ਹੈ।

ਮੁਹੱਬਤਾਂ ਦਾ ਚਿਰਾਗ ਜਗ੍ਹਾ ਕੇ,
ਹੰਝੂਆਂ ਨਾਲ ਸਾਗਰ ਭਰਨ ਦੀ ਕਰਨੀ ਹੈ।

ਹਰ ਇੱਕ ਚਿਹਰੇ ’ਤੇ ਉਹਦਾ ਡੁੱਲ ਜਾਣਾ,
ਗੱਲ ਵਫ਼ਾ ਦੀ ਤੌਹੀਨ ਦੀ ਕਰਨੀ ਹੈ।

ਸੱਚੀਆਂ ਰੂਹਾਂ ਨੂੰ ਤੜਫ਼ਾ ਕੇ,
ਗੱਲ ਝੂਠ ਦੀ ਪੰਢ ਦੀ ਕਰਨੀ ਹੈ।

ਦਿਲ ਦਾ ਟੁਕੜੇ-ਟੁਕੜੇ ਕਰ ਜਾਣਾ,
‘ਬਲਜਿੰਦਰ’  ਨੇ ਖ਼ੁਦਾ ਤੋਂ ਇਨਸਾਫ਼ ਦੀ ਕਰਨੀ ਹੈ।

ਅੱਜ ਮੈਂ ਗੱਲ ਇੱਕੋਂ ਕਰਨੀਂ ਹੈ,
ਗੱਲ ਇੱਕ ਬਦਨਸਲੀ ਦੀ ਕਰਨੀ ਹੈ।

ਬਲਜਿੰਦਰ ਕੌਰ ਸ਼ੇਰਗਿੱਲ

Saturday, June 13, 2026

ਕਾਗਜ਼ਾਂ ਦੇ ਪੱਤਰੇ




ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,

ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।


ਮਹਿੰਗੇ ਭਾਰ ਤੁਲਣੇ ਕਾਗਜ਼ਾਂ ਦੇ ਪੱਤਰੇ,

ਅਹਿਸਾਸਾਂ ਦੀਆਂ ਹੱਟੀਆਂ ਦੇ ਮੁੱਲ ਪੈਣੇ ਚੌਖੇ।


ਮੁਕੱਦਰਾਂ ਦੇ ਵਿਚ ਸੀ ਦਰਦ ਵਿਛੋੜੇ,

ਪਲਾਂ ਵਿਚ ਹੋ ਗਏ ਸੀ ਅੱਖੋਂ-ਪਰੋਖੇ।


ਜ਼ਿਹਨ ’ਚ ਫੁਰਨੇ ਮੁਹੱਬਤਾਂ ਦੇ ਫੁਰੇ,

ਸਫ਼ਰਾਂ ਦੇ ਰਾਹੀਂ ਜ਼ਿੰਦ ਤੁਰੀ ਵੇਲੇ ਔਖੇ।


‘ਬਲਜਿੰਦਰ’ ਦੇ ਹੱਥਾਂ ਵਿੱਚ ਸੀ ਕਾਗਜ਼ ਕੋਰੇ,

ਅਜ਼ਲੋਂ ਫ਼ਰਮਾਨ ਆਏ ਗਏ ਸੀ ਅਨੌਖੇ।


ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,

ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।


ਬਲਜਿੰਦਰ ਕੌਰ ਸ਼ੇਰਗਿੱਲ

Friday, June 12, 2026

ਮੈਂ ਕੌਣ ਹਾਂ ?






ਮੈਂ ਤੈਨੂੰ ਪੁੱਛਿਆ,

ਦੱਸ ਮੈਂ ਕੌਣ ਹਾਂ।


ਮੁਰਸ਼ਿਦ ਤੋਂ ਪੁੱਛਣਾ,

ਮੈਂ ਤੇਰੀ ਮੁਰੀਦ ਹਾਂ।


ਤੂੰ ਮੇਰਾ ਪੀਰ ਵੀ ਹੈ,

ਰੂਹਾਂ ਦੀ ਜਾਗੀਰ ਵੀ ਹੈ।


ਖੁਦਾ ਦੀ ਦਿੱਤੀ,

ਤੂੰ ਮੇਰਾ ਮੁਰਾਦ ਹੈ।


ਦਾਤਾਂ ਨਾਲ ਭਰੀ ਝੋਲੀ।

ਮੇਰੀ ਫਕੀਰਾਂ ਨੇ।


ਮੈਂ ਤੇਰੀਆਂ ਆਸਾਂ,

ਤੇ ਸੱਧਰਾਂ ਦਾ ਬੂਰ ਹਾਂ।


ਮੈਂ ਤਾਂ ਝੱਲਿਆ,

ਤੇਰੇ ’ਚ ਸਮਾਈ ਇੱਕ ਰੂਹ ਹਾਂ।


ਮੈਨੂੰ ਵੇਖ ਧੁਰੋਂ,

ਨਿਗ੍ਹਾ ਦੇ ਨਾਲ।


ਮੈਨੂੰ ਪਹਿਚਾਣ,

ਆਪਣੇ ਸਾਹਾਂ ਨਾਲ।


ਮੈਂ ਹੀ ਤੇਰੇ ਸੁੱਚੇ,

ਮੋਤੀਆਂ ਵਾਲੀ ਜਾਗੀਰ ਹਾਂ।


ਤੇਰੇ  ਹੌਕਿਆਂ ’ਚ

ਅੱਖਾਂ ਦਾ ਨੀਰ ਹਾਂ।


ਕੋਈ ਵਜ੍ਹਾਂ ਹੈ,

ਜੋ ਮਿਲੇ ਹਾਂ ਇਸ ਜਨਮ ਵੇ।

ਮੈਂ ਤੈਨੂੰ ਪੁੱਛਿਆ,

ਦੱਸ ਮੈਂ ਕੌਣ ਹਾਂ?


ਬਲਜਿੰਦਰ ਕੌਰ ਸ਼ੇਰਗਿੱਲ

Thursday, June 11, 2026

ਫ਼ਾਇਦੇ






ਕਈ ਫਿਰਦੇ ਦੌਲਤ ਦੀ ਭੁੱਖ ਵਿੱਚ,
ਕਈ ਫਿਰਦੇ ਆਪਣੇ ਹੀ ਦੁੱਖ ਵਿੱਚ |

ਕਈ ਲੱਗੇ ਜਿਸਮਾਂ ਦੇ ਵਪਾਰ ਵਿੱਚ,
ਕਈ ਤੜਫਦੇ ਨਸ਼ਿਆਂ ਦੇ ਬਾਜ਼ਾਰ ਵਿੱਚ |

ਕਈ ਲੱਗੇ ਇੰਟਰਨੈੱਟ ਦੀ ਲਤ (ਆਦਤਵਿੱਚ,

ਕਈ ਫਸ ਗਏ ਗਰੀਬੀ ਅੱਤ ਵਿੱਚ |

ਕਈ ਮੈਂਮੈਂ ਦੀ ਹਰ ਵੇਲੇ ਭੁੱਖ ਵਿੱਚ,
ਕਈ ਤੇਰਾਤੇਰਾ ਕਰਦੇ ਮੁੱਖ ਵਿੱਚ|

ਕਈ ਬੈਠੇ ਉੱਚੇ ਮੁਨਾਰ ਦੇ ਵਿੱਚ,
ਕਈ ਤੜਫਦੇ ਸੱਚੇ ਪਿਆਰ ਵਿੱਚ |

ਨਾ ਕੋਈ ਮਿਲਿਆ ਨਾਮ ਦੀ ਭੁੱਖ ਵਿੱਚ |
ਪੁੱਠੇ ਲਟਕੇ ਭਾਵੇਂ ਸਾਰੇ ਕੁੱਖ ਵਿੱਚ|

ਕਈ ਰਹਿੰਦੇ ਹਮੇਸ਼ਾਂ ਆਪਣੇ ਫ਼ਾਇਦੇ ਵਿੱਚ,
ਕਈ ਕਰਦੇ ਕੰਮ ''ਬਲਜਿੰਦਰ'' ਕਾਇਦੇ ਵਿੱਚ|

ਬਲਜਿੰਦਰ ਕੌਰ ਸ਼ੇਰਗਿੱਲ

Wednesday, June 10, 2026

ਨਜ਼ਰਾਂ

ਮੇਰੀਆਂ ਨਜ਼ਰਾਂ 'ਚ ਨਜ਼ਰਾਂ ਮਿਲਾਕੇ ਤਾਂ ਵੇਖ,
ਇਸ ਸਮੁੰਦਰ ਦੀਆਂ ਲਹਿਰਾਂ 'ਚ ਆ ਕੇ ਤਾਂ ਵੇਖ।
ਮੇਰੇ ਹੂੰਝਆਂ 'ਚ, ਮੈਨੂੰ ਬਲਦੀ ਤਾਂ ਵੇਖ,
ਬਿਨ ਤੀਲੀ ਤੋਂ ਅੱਗ 'ਚ ਸੜਦੀ ਤਾਂ ਵੇਖ।
ਮੇਰੀਆਂ ਭਿੱਜੀਆਂ ਪਲਕਾਂ, ਗ਼ੌਰ ਨਾਲ ਵੇਖ,
ਗੁਜ਼ਰੇ ਹੋਏ ਦੌਰ ਨਾਲ ਵੇਖ।
ਟਪਕਦੇ ਹੋਏ ਇਨਾਂ ਮੋਤੀਆਂ ਨੂੰ,
ਚੁੱਕ ਕੇ ਸੀਨੇ ਲਾ ਕੇ ਤਾਂ ਵੇਖ।
‘‘ਬਲਜਿੰਦਰ’’ ਦੀਆਂ ਅੱਖਾਂ ਨੂੰ ਪੜ੍ਹ ਕੇ ਤਾਂ ਵੇਖ,
ਆਏ ਹੜ੍ਹ ਵਿੱਚ ਵੜ੍ਹ ਕੇ ਤਾਂ ਵੇਖ।
ਮੇਰੀਆਂ ਨਜ਼ਰਾਂ 'ਚ ਨਜ਼ਰਾਂ ਮਿਲਾਕੇ ਤਾਂ ਵੇਖ,
ਇਸ ਸਮੁੰਦਰ ਦੀਆਂ ਲਹਿਰਾਂ 'ਚ ਆ ਕੇ ਤਾਂ ਵੇਖ।
ਬਲਜਿੰਦਰ ਕੌਰ ਸ਼ੇਰਗਿੱਲ

Tuesday, June 9, 2026

ਪਿਆਰ



ਮੌਲਾ, ਕੀ ਪਿਆਰ ਵਾਰ-ਵਾਰ ਹੁੰਦਾ ਹੈ,
ਜੇ ਹੁੰਦਾ ਹੈ ਤਾਂ ਕਿੰਨੀ ਵਾਰ ਹੁੰਦਾ ਹੈ।
ਪਿਆਰ ਕਦੇ ਵਾਰ-ਵਾਰ ਨਹੀਂ ਹੁੰਦਾ,
ਪਿਆਰ ਸਿਰਫ ਇੱਕ ਵਾਰ ਹੁੰਦਾ ਹੈ।
ਪਿਆਰ ਜਿਸ ਨਾਲ ਸੱਚੇ ਮਨੋਂ ਹੋ ਜਾਵੇ,
ਫਿਰ ਉਹ ਮਰਦੇ ਦਮ ਤਕ ਨਹੀਂ ਭੁੱਲਦਾ।
ਐ ਖ਼ੁਦਾ, ਪਰ ਅੱਜ ਕੱਲ੍ਹ ਤਾਂ ਲੋਕੀਂ ਜਿਸਮਾਂ ਨੂੰ ਪਿਆਰ ਸਮਝਦੇ ਨੇ,
ਜਿਸਮ ਕਦੇ ਰੂਹ ਦਾ ਸਕੂਨ ਨਹੀਂ ਹੁੰਦਾ।
ਰੂਹਾਨੀ ਸਕੂਨ ਲਈ ਹਮੇਸ਼ਾ ਸੱਚਾ ਪਿਆਰ ਚਾਹੀਦਾ ਹੈ,
ਪਰ ਆਦਮ ਇਸ ਤੋਂ ਬੇਮੁੱਖ ਹੁੰਦਾ ਹੈ।
ਪਿਆਰ ਪ੍ਰਮਾਤਮਾ ਦਾ ਨਾਂ ਹੈ,
ਜੋ ਸੱਚੇ ਦਿਲੋਂ ਨਿਭਾਉਂਦਾ ਹੈ ਉਹ ਮੌਲਾ ਦੇ ਬੇਹੱਦ ਨਜ਼ਦੀਕ ਹੁੰਦਾ ਹੈ।
ਉਹ ਹਮੇਸ਼ਾ ਪਾਕ ਤੇ ਪਵਿੱਤਰ ਮੰਨਿਆ ਜਾਂਦਾ ਹੈ,
ਜੋ ਸਿਰਫ ਇਕ ਹੀ ਦਰ ਤੇ ਖੁਦ ਨੂੰ ਸਮਰਪਿਤ ਕਰ ਬੈਠਾ ਹੁੰਦਾ।
ਮੌਲਾ ਤੇਰੀ ਬਖਸ਼ੀ ਕਲਮ ਤੋਂ ‘ਬਲਜਿੰਦਰ’ ਰਹੀ ਹੈ ਲਿਖ,
ਰੂਹਾਨੀ ਸਫ਼ਰ ਕਿੰਝ ਤੈਅ ਕਰੇ, ਤੜਫ਼ੀ ਰੂਹ ਤੋਂ ਨਾ ਹੁੰਦਾ।
ਬਲਜਿੰਦਰ ਕੌਰ ਸ਼ੇਰਗਿੱਲ

Monday, June 8, 2026

ਖਿਆਲਾਂ ਦੀ ਪੋਟਲੀ


ਖਿਆਲਾਂ ਦੀ ਜਦ ਮੈਂ ਪੋਟਲੀ ਬਣਾਈ,

ਉਸ ’ਚ ਤੋਹਫ਼ਿਆਂ (ਦਰਦਾਂ) ਦੀ ਸੇਜ ਸਜਾਈ।
ਜ਼ਿਹਨ ’ਚ ਸ਼ਬਦਾਂ ਨੇ ਰੌਣਕ ਲਾਈ,
ਫਿਰ ਕਾਗਜ਼ ਤੇ ਘੜ- ਘੜ ਸਿਹਾਈ ਮੁਕਾਈ।
ਮੁਹੱਬਤਾਂ ਦੇ ਸੁੱਚੇ ਖ਼ੁਆਬ ਸਜਾਏ,
ਸ਼ੀਸ਼ੇ ਅੱਗੇ ਆ ਸਵਾਲ ਉਠਾਏ।
ਰੱਬ ਨਾਲ ਰੋਜ਼ ਕਰਾ ਲੜਾਈਆਂ,
ਫਿਰ ਉਸੇ ਅੱਗੇ ਸੀਸ ਚਰਨੀਂ ਪਾਏ।
ਰੋ- ਰੋ ਕੇ ਬੁਰੇ ਹਾਲ ਕਰਾਏ,
ਹੰਝੂ ਨਾ ਕਿਸੇ ਸਾਫ਼ ਕਰਾਏ।
ਖ਼ਾਬਾਂ ਦੀ ਇੱਕ ਦੁਨੀਆਂ ਵਸਾਈ,
ਜਿਸ ’ਚ ਖੁਦਾ ਨੇ ਭਰ ਦਿੱਤੀ ਖੁੁਦਾਈ।
ਕਹਿੰਦੇ ‘‘ਬਲਜਿੰਦਰ’’ ਸ਼ਾਇਰਾਂ ’ਚ ਆਈ,
ਜੋ ਮੀਰਾਂ ਵਾਂਗ ਫਿਰੇ ਭੇਸ ਬਣਾਈ।
ਖਿਆਲਾਂ ਦੀ ਜਦ ਮੈਂ ਪੋਟਲੀ ਬਣਾਈ,
ਉਸ ’ਚ ਤੋਹਫ਼ਿਆਂ (ਦਰਦਾਂ) ਦੀ ਸੇਜ ਸਜਾਈ।
ਬਲਜਿੰਦਰ ਕੌਰ ਸ਼ੇਰਗਿੱਲ

Sunday, June 7, 2026

‘‘ਮੀਡੀਆ ਐਕਸੀਲੈਂਸ ਐਵਾਰਡ’’ ਸਖ਼ਤ ਮਿਹਨਤ ਅਤੇ ਦੁਆਵਾਂ ਦਾ ਫ਼ਲ ਹੈ : ਬਲਜਿੰਦਰ ਕੌਰ ਸ਼ੇਰਗਿੱਲ


ਜਦੋਂ ਵਿਅਕਤੀ ਸੋਚ ਲਵੇ ਕਿ ਮੈਂ ਇਹ ਮੁਕਾਮ ਹਾਸਲ ਕਰਨਾ ਹੈ ਤਾਂ ਪੂਰੀ ਕਾਇਨਾਤ ਵੀ ਉਸ ਦਾ ਸਾਥ ਦੇਣ ਲੱਗਦੀ ਹੈ



ਦਿਸ਼ਾ ਵੂਮਨ ਵੈਲਫੇਅਰ ਟਰੱਸਟ ਅਤੇ ਇੰਡੀਅਨ ਵੂਮਨ ਜਰਨਲਿਸਟ ਐਸੋਸੀਏਟ ਵਲੋਂ ਪ੍ਰਧਾਨ ਹਰਦੀਪ ਕੌਰ ਵਿਰਕ  ਦੀ ਅਗਵਾਈ ਹੇਠ  ਹੋਟਲ ਹਿਆਤ ਸੈਂਟ੍ਰਿਕ ਸੈਕਟਰ 17 ਚੰਡੀਗੜ੍ਹ ਵਿਖੇ ਵੂਮਨ ਜਰਨਲਿਸਟ ਕਨਕਲੇਵ 2026 ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਧਰਮ ਪਤਨੀ ਡਾ . ਗੁਰਪ੍ਰੀਤ ਕੌਰ ਮਾਨ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸਮਾਗਮ ਦੌਰਾਨ ਪੱਤਰਕਾਰੀ ਤੇ ਸਾਹਿਤ ਵਿਚ ਨਿਮਾਣਾ ਨਾਮ ਖੱਟ ਚੁੱਕੀ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਡਾ.  ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ’ਤੇ ‘‘ਮੀਡੀਆ ਐਕਸੀਲੈਂਸ ਐਵਾਰਡਸ’’ ਵਿਚ  ਪੰਜਾਬ ਦੀ ਸਭਿਆਚਾਰ ਦੀ ਪਹਿਚਾਣ ਫੁਲਕਾਰੀ ਤੇ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਦਿਸ਼ਾ ਵੂਮਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਡਾ. ਗੁਰਪ੍ਰੀਤ ਕੌਰ ਮਾਨ ਅੱਗੇ ਮੀਡੀਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਮਹਿਲਾ ਪੱਤਰਕਾਰਾਂ ਨੂੰ ਸਰਕਾਰੀ ਪੱਧਰ ’ਤੇ ਸਨਮਾਨਿਤ ਕਰਨ ਅਤੇ ‘‘ਫੋਰਥ ਪਿਲਰ ਆਫ਼ ਡੈਮੋਕਰੇਸੀ ਐਡਾਰਡ’’ ਦੀ ਗੱਲ ਰੱਖੀ। ਡਾ ਗੁਰਪ੍ਰੀਤ ਕੌਰ ਮਾਨ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ।  ਸਮਾਗਮ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਦੀਆਂ 150 ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ।  

ਜ਼ਿਕਰਯੋਗ ਹੈ ਕਿ ਬਲਜਿੰਦਰ ਕੌਰ ਸ਼ੇਰਗਿੱਲ 2012 ਤੋਂ ਅਖ਼ਬਾਰ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਾਹਿਤ ਵਿਚ ਯੋਗਦਾਨ ਨੂੰ ਦੇਖਦੇ ਹੋਏ ਅੱਜ ਇਹ ਸਨਮਾਨ ਉਨ੍ਹਾਂ ਦੀ ਝੋਲੀ ਵਿਚ ਪਿਆ ਹੈ।


ਇਸ ਸਮਾਗਮ ਦੌਰਾਨ ਬਲਜਿੰਦਰ ਕੌਰ ਸ਼ੇਰਗਿੱਲ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਦੀ ਪੁਸਤਕ ‘‘ਮਿੱਠੀਆਂ ਮਿੱਠੀਆਂ ਰੱਬ ਨੂੰ ਚਿੱਠੀਆਂ’’ ਵਿਸ਼ੇਸ਼ ਤੌਰ ’ਤੇ ਡਾ.ਗੁਰਪ੍ਰੀਤ ਕੌਰ ਜੀ ਨੂੰ ਭੇਂਟ ਕੀਤੀ ਗਈ।   

ਸਮਾਗਮ ਦੌਰਾਨ 121 ਕਿਤਾਬਾਂ ਦੇ ਰਚਨਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਗਗਨਦੀਪ ਸਿੰਘ ਅਤੇ ਰੋਜ਼ਾਨਾ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਸਤਵਿੰਦਰ ਸਿੰਘ ਧੜਾਕ, ਮੈਨੇਜਰ ਰੁਪਿੰਦਰ ਸਿੰਘ ਆਦਿ ਮੌਜੂਦ ਸਨ।   

ਇਸ ਮੌਕੇ ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਦੇ ਮੈਂਬਰਾਂ ਸਾਹਿਬਾਨਾਂ ਵਿਚ  ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਰਾਜਿੰਦਰ ਸਿੰਘ ਧੀਮਾਨ, ਵਿੰਦਰ ਮਾਝੀ, ਮਲਕੀਤ ਸਿੰਘ ਸੈਣੀ, ਨਵਨੀਤ ਕੌਰ, ਹਰਦੇਵ ਸਿੰਘ ਭੁੱਲਰ, ਡਾ ਰਵਿੰਦਰ ਸਿੰਘ ਲੁਬਾਣਾ, ਮਨਜੀਤ ਕੌਰ ਜੰਡਾ, ਪ੍ਰਭਜੋਤ ਕੌਰ ਆਦਿ ਨੇ ਬਲਜਿੰਦਰ ਕੌਰ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀਆਂ।  

Saturday, June 6, 2026

ਕਹਿ ਲੈਣ ਦੇ






ਇੰਨਾ ਅੱਖੀਆਂ ਦੇ ਪਾਣੀ ਨੂੰ ਵਹਿ ਲੈਣ ਦੇ,

ਦਰਦ ਦਿਲਾਂ ਦਾ, ਕਹਿ ਲੈਣ ਦੇ ।


ਸੱਧਰਾਂ ਨੂੰ ਵਿਚ ਕੋਨੇ ਛੁਪਾ ਕੇ, 

ਕਾਗਜ਼ ਤੇ ਲਿਖ-ਲਿਖ, ਕਹਿ ਲੈਣ ਦੇ।


ਤਲੀਆਂ ਤੇ ਮਹਿੰਦੀ ਰੰਗ ਚੜ੍ਹਾ ਕੇ 

ਕਿੰਝ ਲੁਕ -ਲੁਕ ਰੋਏ, ਕਹਿ ਲੈਣ ਦੇ।


ਪੰਨਿਆਂ ’ਤੇ ਹਰਫ਼ਾਂ ਦੇ ਮੋਤੀ ਜੜਾ ਕੇ ,

ਬਿਰਹੋਂ ਦੇ ਵਿਹੜੇ ’ਚ, ਬਹਿ ਲੈਣ ਦੇ।


ਰੂਹ ਨੂੰ ਆਪਣਾ ਮੁਰੀਦ ਬਣ ਕੇ,

ਉਹ ਬੇਵਫ਼ਾ ਹੋ ਗਏ, ਕਹਿ ਲੈਣ ਦੇ।


ਸ਼ਾਇਰਾਂ ਦੀ ਦੁਨੀਆਂ ’ਚ ਕਦਮ ਰਖਾ ਕੇ,

ਭਰੀ ਮਹਿਫ਼ਲ ਵਿਚ ਗਾਇਆ, ਕਹਿ ਲੈਣ ਦੇ।


‘ਬਲਜਿੰਦਰ’ ਨੂੰ ਸਫ਼ਰਾਂ ਦੇ ਰਾਹੀਂ ਪਾ ਕੇ,

ਹੁਣ ਖਾਬਾਂ ਦੁਨੀਆਂ ’ਚ ਰਹਿ ਲੈਣ ਦੇ।


ਇੰਨਾ ਅੱਖੀਆਂ ਦੇ ਪਾਣੀ ਨੂੰ ਵਹਿ ਲੈਣ ਦੇ,

ਦਰਦ ਦਿਲਾਂ ਦਾ, ਕਹਿ ਲੈਣ ਦੇ ।


ਬਲਜਿੰਦਰ ਕੌਰ ਸ਼ੇਰਗਿੱਲ 



Friday, June 5, 2026

ਕਾਗਜ਼ਾਂ ਦੇ ਪੱਤਰੇ



ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,

ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।


ਮਹਿੰਗੇ ਭਾਰ ਤੁਲਣੇ ਕਾਗਜ਼ਾਂ ਦੇ ਪੱਤਰੇ,

ਅਹਿਸਾਸਾਂ ਦੀਆਂ ਹੱਟੀਆਂ ਦੇ ਮੁੱਲ ਪੈਣੇ ਚੌਖੇ।


ਮੁਕੱਦਰਾਂ ਦੇ ਵਿਚ ਸੀ ਦਰਦ ਵਿਛੋੜੇ,

ਪਲਾਂ ਵਿਚ ਹੋ ਗਏ ਸੀ ਅੱਖੋਂ-ਪਰੋਖੇ।


ਜ਼ਿਹਨ ’ਚ ਫੁਰਨੇ ਮੁਹੱਬਤਾਂ ਦੇ ਫੁਰੇ,

ਸਫ਼ਰਾਂ ਦੇ ਰਾਹੀਂ ਤੁਰੀ ਜ਼ਿੰਦ ਵੇਲੇ ਔਖੇ।


‘ਬਲਜਿੰਦਰ’ ਦੇ ਹੱਥਾਂ ਵਿੱਚ ਸੀ ਕਾਗਜ਼ ਕੋਰੇ,

ਅਜ਼ਲੋਂ ਫ਼ਰਮਾਨ ਆਏ ਸੀ ਆਨੌਖੇ।


ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,

ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।


ਬਲਜਿੰਦਰ ਕੌਰ ਸ਼ੇਰਗਿੱਲ

Thursday, June 4, 2026

ਖੁਦ


ਖੁਦ ਦੀ ਖੁਦ ਨਾਲ ਹੋਈ ਗੱਲਬਾਤ,

ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ ।


ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,

ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ।


ਇੱਕ ਦਿਨ ਮੁੱਕ ਜਾਣੇ ਇਹ ਸਾਰੇ ਜਜ਼ਬਾਤ,

ਜਿਸ ਦੀ ਗਹਿਰਾਈ ਤੇ ਨਾ ਮਾਰੇ ਕੋਈ ਝਾਤ।


ਇਸ਼ਕੇ ਦੇ ਗ਼ਮਾਂ ’ਚ ਸੱਜ ਜਾਣੀ ਬਰਾਤ,

ਜੋ ਹਰ ਵੇਲੇ ਹੁੰਝੂਆਂ ਦੀ ਲਾ ਰਹੀ ਬਰਸਾਤ।


‘ਬਲਜਿੰਦਰ’ ਮਿਲੇਗੀ ਬੇਸ਼ਕੀਮਤੀ ਸੌਗਾਤ,

ਰੂਹ ਨੂੰ ਠਾਰੇਗੀ ਜਦ ਅੰਬਰੀਂ ਪ੍ਰਭਾਤ।


ਖੁਦ ਦੀ ਖੁਦ ਨਾਲ ਹੋਈ ਗੱਲਬਾਤ,

ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ ।


ਬਲਜਿੰਦਰ ਕੌਰ ਸ਼ੇਰਗਿੱਲ

Wednesday, June 3, 2026

ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ

ਭਰੇ ਸੱਥ 'ਚ ਬੋਲ ਰਹੀ ਹਾਂ,
ਭੇਦ ਦਿਲਾਂ ਦੇ ਖੋਲ ਰਹੀ ਹਾਂ,
ਪੰਜਾਬ ਦੇ ਵਰਕੇ ਫਰੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ

ਦੇਖਿਆ ਬੱਚਿਆਂ ਦਾ ਜਦ ਬਸਤਾ,
ਹਾਲਤ ਮੇਰੀ ਹੋ ਗਈ ਖਸਤਾ
ਘਰ ਤੋਂ ਆਪਣੇ ਡੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ

ਖ਼ਤਮ ਹੋ ਗਏ ਟਾਟ ਵਿਛਾਏ,
ਦਿਖਦੀ ਨਹੀਂ ਹੁਣ  ਫੱਟੀ,
ਇਹ ਸਾਰੇ ਜਵਾਬ ਢੰਢੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ

ਨੇਮ ਪਲੇਟਾਂ ਅੰਗਰੇਜ਼ੀ 'ਚ ਲਾ ਕੇ,
ਵੱਡਿਆਂ ਨਾਲ ਯਰਾਨੇ ਪਾ ਕੇ,  
ਮਨ ਦੇ ਬੂਹੇ ਖੋਲ੍ਹ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ

ਗੁਰੂਆਂ ਦੀ ਬਾਣੀ ਹੱਥ ਫੜਾ ਕੇ,
ਬੁੱਲ੍ਹੇ, ਵਾਰਿਸ ਦੀ ਕਾਵਿ ਕਿਆਰੀ ਲਾ ਕੇ,
''ਬਲਜਿੰਦਰ'' ਤੋਂ ਲਿਖ਼ਤਾਂ ਲਿਖਵਾ ਕੇ,  
ਖਰੀਆਂ ਗੱਲਾਂ ਕਰਕੇ ਜਵਾਬ ਟਟੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲੀ ਰਹੀ ਹਾਂ


ਬਲਜਿੰਦਰ ਕੌਰ ਸ਼ੇਰਗਿੱਲ

Tuesday, June 2, 2026

ਮਿਲਾਵਟ

ਦੁੱਧ ਦਾ ਤਾਂ, ਪਾਣੀ ਹੋ ਗਿਆ,

ਬੰਦਾ ਪਾਣੀ ਦਾ, ਹਾਣੀ ਹੋ ਗਿਆ।


ਡਰੰਮਾਂ ਦਾ ਵੱਧਦਾ ਭਾਰ ਹੋ ਗਿਆ,

ਮਿਲਾਵਟ ਦਾ ਵੱਧਦਾ ਬਾਜ਼ਾਰ ਹੋ ਗਿਆ।


ਵੱਧਦਾ ਮੁੱਲ ਆਸਮਾਨ ਛੋਹ ਗਿਆ,

ਕਮਾਈਆਂ ‘ਚ ਇਨਸਾਨ ਖੋਹ ਗਿਆ।


ਮੱਖਣ ਮਿਲਾਈਆਂ ਦਾ ਘਾਣ ਹੋ ਗਿਆ,

ਸਿਹਤ ਤੋਂ ਬੰਦਾ ਅਣਜਾਣ ਹੋ ਗਿਆ।


ਖੁਰਾਕਾਂ ਬਿਨ ਸਰੀਰ ਬੇਕਾਰ ਹੋ ਗਿਆ,

ਡਾਕਟਰਾਂ ਦਾ ਬੰਦਾ ਦੇਣਦਾਰ ਹੋ ਗਿਆ।


ਆਪਣੇ ਫ਼ਾਇਦੇ ਖ਼ਾਤਿਰ ‘‘ਬਲਜਿੰਦਰ’’,

ਬੰਦਾ ਕਿੰਨਾ ਬੇਈਮਾਨ ਹੋ ਗਿਆ।


ਬਲਜਿੰਦਰ ਕੌਰ ਸ਼ੇਰਗਿੱਲ

Monday, June 1, 2026

ਲਿਖਦੇ- ਲਿਖਦੇ

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਵੀ, ਮਿਟ ਜਾਣਾ,
ਜਦ ਵਿੱਚ ਰਾਖ ਦੇ ਇਸ ਕਲਬੂਤ ਨੇ ਲੁੱਕ ਜਾਣਾ।

ਅਸਾਂ ਵਾਂਗ ਪਰਿੰਦਿਆਂ, ਮਾਰ ਉਡਾਰੀ ਉੱਡ ਜਾਣਾ,
ਛੱਡ ਆਲ੍ਹਣੇ ਦਾਣਾ ਪਾਣੀ, ਹੋ ਏਥੋਂ ਚੁੱਕ ਜਾਣਾ।

ਲਾਈ ਇਸ਼ਕ ਦੀ ਬਾਜ਼ੀ ’ਤੇ ਉਦੋਂ ਹੀ ਜਿੱਤ ਹੋਣੀ,
ਜਦ ਆਉਣ ਜਾਣ ਦਾ ਗੇੜ, ਵੀ ਸਾਡਾ ਰੁੱਕ ਜਾਣਾ।

ਸਤਰੰਗੀ ਪੀਂਘ ਵੀ ਝੂਟਦੇ ਰਹੇ, ਅਸੀਂ ਦੁਨੀਆਂ ’ਤੇ,
ਮੋਰਾਂ ਵਾਂਗ ਜੋ ਪੰਖ ਫ਼ੈਲਾਏ, ਇਨ੍ਹਾਂ ਵੀ ਸੁੱਕ ਜਾਣਾ।

ਅਸਾਂ ਧਰਤੀ ਮਾਂ ਦੀ ਬੁਕੱਲ ਵਿੱਚ ਜਾ ਸੌ ਜਾਣਾ,
ਵਿੱਚ ਚਿਖਾ ਦੇ ਸੜ ਕੇ ਹੋ ਮਿੱਟੀ ਦਾ ਬੁੱਕ ਜਾਣਾ।

" ਬਲਜਿੰਦਰ" ਦਰ ਸਾਈਆਂ ਦੇ ਸਭ ਨੂੰ ਜਾਣਾ ਪੈਣਾ ਏ,
ਜਦੋਂ ਇਸ ਦੁਨੀਆਂ ਤੋਂ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ


ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...