Sunday, April 26, 2026

ਸਾਡੀ ਸੱਭਿਅਤਾ ਦਾ ਹਿੱਸਾ ਹਨ ਮਿੱਟੀ ਦੇ ਬਰਤਨ

ਸਾਡੀ ਸੱਭਿਅਤਾ ਦਾ ਹਿੱਸਾ ਹਨ ਮਿੱਟੀ ਦੇ ਬਰਤਨ 

ਮਿੱਟੀ ਦੇ ਬਰਤਨ ਸਾਡੀ ਸੱਭਿਅਤਾ ਤੇ ਸਾਡੇ ਸਮਾਜ ਦਾ ਹਿੱਸਾ ਹਨ। ਮਿੱਟੀ ਦੇ ਬਰਤਨ ਸਾਨੂੰ ਪੁਰਾਣੇ ਸਮੇਂ ਦੀ ਦੇਣ ਹਨ। ਪੁਰਾਣੇ ਸਮੇਂ ਅਨੁਸਾਰ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਣਾ ਤੇ ਪਾਣੀ ਰੱਖਣਾ ਮੁੱਖ ਮੰਨਿਆ ਹੁੰਦਾ ਸੀ। ਇਹਨਾਂ ਮਿੱਟੀ ਦੇ ਬਰਤਨਾਂ ਵਿੱਚ ਖਾਣ ਤੋਂ ਇਲਾਵਾ ਪੀਣ ਵਾਲੀਆਂ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸੀ। 

ਜੇਕਰ ਪਿਛੋਕੜ ’ਤੇ ਇੱਕ ਝਾਤ ਮਾਰੀਏ ਤਾਂ ਮਿੱਟੀ ਦੇ ਬਰਤਨ ਘਰਾਂ ਦਾ ਮੁੱਖ ਹਿੱਸਾ ਹੁੰਦੇ ਸੀ। ਅੱਜ ਦੇ ਦੌਰ ਵਿੱਚ ਵੀ ਇਹਨਾਂ ਦੀ ਵਰਤੋਂ ਭਾਵੇਂ ਘੱਟ ਗਈ ਪ੍ਰੰਤੂ ਕਿਤੇ ਨਾ ਕਿਤੇ ਹੁਣ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। 

ਸਭ ਤੋਂ ਪਹਿਲਾਂ ਅਸੀਂ ਘੜੇ ਉੱਤੇ ਇੱਕ ਝਾਤ ਮਾਰਦੇ ਹਾਂ ਘੜਾ ਸ਼ਬਦ ਸੁਣਦੇ ਹੀ ਗਰਮੀਆਂ ਦੇ ਦਿਨਾਂ ਵਿੱਚ ਸਾਨੂੰ ਠੰਡੇ ਪਾਣੀ ਦਾ ਅਹਿਸਾਸ ਕਰਵਾ ਦਿੰਦਾ ਹੈ। ਮਿੱਟੀ ਦਾ ਘੜਾ ਇੱਕ ਬਹੁਤ ਹੀ ਚੰਗਾ ਬਰਤਨ ਹੈ। ਇਹ ਪਾਣੀ ਠੰਡਾ ਤਾਂ ਕਰਦਾ ਹੀ ਹੈ ਪ੍ਰੰਤੂ ਘੜੇ ਦੇ ਪਾਣੀ ਦੀ ਸ਼ੁੱਧਤਾ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ। 

ਘੜਾ

ਅੱਜ ਕੱਲ੍ਹ ਘੜੇ ਦੀ ਬਣਤਰ ਨੂੰ ਵੀ ਨਿਖਾਰ ਕੇ ਨਵਾਂ ਟੂਟੀ ਵਾਲਾ ਘੜਾ ਬਣਾ ਦਿੱਤਾ ਗਿਆ ਹੈ। ਇਸ ਟੂਟੀ ਵਾਲੇ ਘੜੇ ਤੋਂ ਅਸੀਂ ਆਸਾਨੀ ਨਾਲ ਪਾਣੀ ਕੱਢ ਕੇ ਪੀ ਸਕਦੇ ਹਾਂ।

ਕੁੱਜਾ

ਗਰਮੀਆਂ ਦੇ ਦਿਨਾਂ ਵਿੱਚ ਪੰਛੀਆਂ ਨੂੰ ਚੋਂਗਾ ਪਾਉਣ ਤੇ, ਪਾਣੀ ਪੀਣ ਲਈ ਰੱਖਣ ਲਈ ਵੀ ਮਿੱਟੀ ਦੇ ਬਰਤਨ ਬਹੁਤ ਕੰਮ ਆਉਂਦੇ ਹਨ। ਇਸ ਨਾਲ ਪੰਛੀ ਵੀ ਪਾਣੀ ਪੀ ਕੇ ਆਨੰਦ ਮਾਣਦੇ ਹਨ ਅਤੇ ਇਹਨਾਂ ਬਰਤਨਾਂ ਵਿੱਚ ਚੋਗਾਂ ਖਾ ਕੇ ਜਾਂ ਚੁੱਗ ਕੇ ਗੁਜਾਰਾ ਕਰਦੇ ਹਨ। 

ਆਲ੍ਹਣੇ 

ਮਿੱਟੀ ਤੋਂ ਤਿਆਰ ਕੀਤੇ ਆਲ੍ਹਣੇ ਵੀ ਮਿਲ ਜਾਂਦੇ ਹਨ। ਇਹਨਾਂ ਆਲ੍ਹਣਿਆਂ ਨੂੰ ਦਰਖਤਾਂ ਉਤੇ ਟੰਗ ਕੇ ਪੰਛੀਆਂ ਦੇ ਸੁਰਖਿਆ ਕੀਤੀ ਜਾਂਦੀ ਹੈ। 

ਝਾਵਾਂ 

ਝਾਵਾਂ ਸਾਡੇ ਬਾਥਰੂਮ ਵਿੱਚ ਪੈਰ ਧੋਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਾਡੇ ਪੈਰਾਂ ਦੀ ਸਾਫ ਸਫਾਈ ਦੇ ਕੰਮ ਆਉਂਦਾ ਹੈ। ਭਾਵੇਂ ਅਜੋਕੇ ਸਮੇਂ ਵਿੱਚ ਸਾਨੂੰ ਮਾਰਕੀਟ ਵਿੱਚ ਕਿੰਨੇ ਹੀ ਪ੍ਰੋਡੈਕਟ ਮਿਲ ਜਾਂਦੇ ਹਨ ਪ੍ਰੰਤੂ ਮਿੱਟੀ ਦੀ ਵਸਤੂ ਜੋ ਪੁਰਾਣੇ ਸਮੇਂ ਦੀ ਦੇਣ ਹੈ ਉਹ ਅੱਜ ਵੀ ਪ੍ਰਚਲਿਤ ਹੈ। 

ਘੜੌਲੀ

ਘੜੌਲੀ ਮਿੱਟੀ ਤੋਂ ਤਿਆਰ ਕੀਤਾ ਇੱਕ ਬਰਤਨ ਹੈ ਜਿਸ ਵਿੱਚ ਸੁੱਕਾ ਆਟਾ ਰੱਖਿਆ ਜਾਂਦਾ ਸੀ ਪ੍ਰੰਤੂ ਅੱਜ ਕੱਲ੍ਹ ਇਸ ਦੀ ਵਰਤੋਂ ਘੱਟ ਗਈ ਹੈ।

ਤੌੜੀ

ਪੁਰਾਣੇ ਦੌਰ ਵਿੱਚ ਜਦੋਂ ਸਿਆਲ ਦੀ ਰੁੱਤ ਆਉਂਦੀ ਸੀ ਤਾਂ ਹਰ ਘਰ ਵਿੱਚ ਸਾਗ ਚੁੱਲ੍ਹੇ ’ਤੇ ਬਣਦਾ ਆਮ ਹੀ ਦੇਖਿਆ ਜਾਂਦਾ ਸੀ। 

ਅੱਜ ਕੱਲ ਵੀ ਸਾਗ ਆਮ ਹੀ ਬਣਾਉਂਦੇ ਦੇਖਦੇ ਹਾਂ, ਪਰੰਤੂ ਪੁਰਾਣੇ ਸਮੇਂ ਤੇ ਅੱਜ ਦੇ ਦੌਰ ਵਿੱਚ ਫ਼ਰਕ ਆ ਗਿਆ ਹੈ। ਬੀਤੇ ਸਮੇਂ ਵਿੱਚ ਇਹ ਸਾਗ ਮਿੱਟੀ ਦੇ ਬਣੇ ਬਰਤਨ ‘ਤੌੜੀ’ ਵਿੱਚ ਬਣਾਇਆ ਜਾਂਦਾ ਸੀ। ‘ਤੌੜੀ’ ਵਾਲਾ ਸਾਗ ਚੁੱਲ੍ਹੇ ਤੇ ਬਣਨ ਕਰਕੇ ਇਸ ਦਾ ਸੁਆਦ ਅਲਗ ਹੀ ਹੁੰਦਾ ਸੀ। ਪਰੰਤੂ ਅਜੌਕੇ ਦੌਰ ਵਿੱਚ ਬਹੁਤ ਸਾਰੇ ਬਦਲਾਉ ਆ ਗਏ ਹਨ। ਇਹ ਸਾਗ ਗੈਸ ਤੇ ਕੁੱਕਰਾਂ ਵਿੱਚ ਬਣਨ ਲੱਗ ਪਿਆ ਹੈ।

ਦੀਵੇ, ਗੜਬੜੇ

ਤਿਉਹਾਰਾਂ ਦੇ ਸਮੇਂ ਵਿੱਚ ਵੀ ਮਿੱਟੀ ਦੇ ਬਣੇ ਬਰਤਨ ਜਿਵੇਂ ਕਿ ਦੀਵੇ, ਗੜਬੜੇ, ਕੁੱਜਾ ਆਦਿ ਵੀ ਸਾਡੀਆਂ ਲੋੜਾਂ ਪੂਰੀਆਂ ਕਰਦੇ ਹਨ। ਸਾਨੂੰ ਇਹ ਵਸਤੂਆਂ ਮਾਰਕੀਟ ਵਿੱਚ ਤਿਉਹਾਰਾਂ ਦੇ ਦਿਨਾਂ ਵਿੱਚ ਸੋਹਣੇ ਤਰੀਕੇ ਨਾਲ ਤਿਆਰ ਕੀਤੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ।

ਵਿੰਡ ਚਾਈਮ

ਸਮੇਂ ਅਨੁਸਾਰ ਮਿੱਟੀ ਤੋਂ ਤਿਆਰ ਕੀਤਾ ਨਵੇਂ ਰੂਪ ਵਿੱਚ (ਵਿੰਡ ਚਾਈਮ) ਜਿਸ ਨੂੰ ਮਿੱਟੀ ਦੀਆਂ ਟੱਲੀਆਂ ਲਗਾ ਕੇ ਸੋਹਣੇ ਸੁਚੱਜੇ ਢੰਗ ਨਾਂਲ ਤਿਆਰ ਕੀਤਾ ਹੈ। ਇਹ ਵਿੰਡ ਚਾਈਮ ਘਰਾਂ ਦੀ ਸਜਾਵਟ ਦਾ ਇੱਕ ਹਿੱਸਾ ਬਣ ਗਿਆ ਹੈ। ਅਕਸਰ ਜਦੋਂ ਅਸੀਂ ਕੋਈ ਨਵਾਂ ਘਰ ਬਣਵਾਉਂਦੇ ਹਾਂ ਤਾਂ ਉਸ ਨੂੰ ਕਿਸੇ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਅਸੀਂ ਘਰ ਦੇ ਸਾਹਮਣੇ ਕਾਲੇ ਮੂੰਹ ਵਾਲਾ ਨਜ਼ਰ - ਬੱਟੂ ਟੰਗਦੇ ਹਾਂ। ਇਸ ਨੂੰ ਟੰਗਣ ਨਾਲ ਸਾਡੇ ਘਰ ਤੇ ਆ ਰਹੀ ਬੁਰੀ ਨਜ਼ਰ ਤੋਂ ਬਚਾਏ ਰੱਖਦਾ ਹੈ। ਅੱਜ ਕੱਲ੍ਹ ਤਾਂ ਤਵਾ ਵੀ ਮਿੱਟੀ ਦਾ ਬਣਿਆ ਮਿਲ ਜਾਂਦਾ ਹੈ।

ਦੀਸੇ 

ਪਿੰਡਾਂ ਵਿੱਚ ਵਿਆਹ ਦੇ ਦਿਨਾਂ ਵਿੱਚ ਦੀਸੇ (ਕਟੋਰੀ ਦੀ ਤਰ੍ਹਾਂ ਤਿਆਰ ਹੋਏ) ਵਿੱਚ ਸ਼ਗਨ ਵਜੋਂ ਚਾਵਲ , ਚੀਨੀ, ਹਲਦੀ ਪਾ ਕੇ ਨਾਲ ਮੌਲੀ ਨਾਲ ਬੰਨ ਕੇ ਦਰਵਾਜੇ ਤੇ ਟੰਗਿਆ ਜਾਂਦਾ ਹੈ। ਇਹ ਵਸਤੂ ਵੀ ਮਿੱਟੀ ਤੋਂ ਤਿਆਰ ਕੀਤੀ ਗਈ ਹੁੰਦੀ ਹੈ। 

ਗਮਲੇ 

ਘਰਾਂ ਦੀ ਸਜਾਵਟ ਲਈ ਅਸੀਂ ਕਈ ਤਰ੍ਹਾਂ ਦੇ ਫੁੱਲ ਬੂਟੇ ਪੌਦੇ ਲਗਾਉਂਦੇ ਰਹਿੰਦੇ ਹਾਂ । ਇਨ੍ਹਾਂ ਬੂਟਿਆਂ ਨੂੰ ਲਗਾਉਣ ਲਈ ਅਸੀਂ ਬਜ਼ਾਰ ਤੋਂ ਮਿੱਟੀ ਦੇ ਗਮਲੇ ਵੀ ਖਰੀਦਦੇ ਹਾਂ। ਕਿਉਂਕਿ ਬੂਟਿਆਂ ਨੂੰ ਮਿੱਟੀ ਦੇ ਗਮਲੇ ਵਿਚ ਲਗਾਉਣ ਨਾਲ ਉਨ੍ਹਾਂ ਨੂੰ ਗਮਲੇ ਵਿਚ ਬਾਹਰ ਦੀ ਹਵਾ ਮਿਲਦੀ ਰਹਿੰਦੀ ਹੈ ਤੇ ਉਹ ਜਲਦੀ ਨਾਲ ਵੱਧ ਫੁੱਲ ਵੀ ਸਕਦੇ ਹਾਂ। ਮਿੱਟੀ ਦੇ ਗਮਲੇ ਘਰ ਦੀ ਸ਼ਾਨ ਵੀ ਵਧਾਉਂਦੇ ਹਨ।  

ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮਿੱਟੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਲੋਕ ਉਹਨਾਂ ਦਾ ਇਸਤੇਮਾਲ ਵੀ ਕਰਦੇ ਹਨ। ਅਸੀਂ ਆਪਣੀ ਸੱਭਿਅਤਾ ਦੇ ਨਾਲ ਜੁੜੇ ਰਹੀਏ ਅਤੇ ਇਹਨਾਂ ਵਸਤੂਆਂ ਅਤੇ ਬਰਤਨਾਂ ਦਾ ਇਸਤੇਮਾਲ ਕਰਦੇ ਰਹਿਣ ਨਾਲ ਸਾਨੂੰ ਆਪਣੇ ਪਿਛੋਕੜ ਨਾਲ ਜੁੜੇ ਰਹਿਣ ਦਾ ਮੌਕਾ ਵੀ ਮਿਲਦਾ ਹੈ। ਸੋ ਆਉ ਆਪਣੀ ਸੱਭਿਅਤਾ ਦੇ ਨਾਨ ਜੁੜਦੇ ਹੋਏ ਸ਼ੁੱਧਤਾ ਨੂੰ ਜੀਵਨ ਦਾ ਆਧਾਰ ਬਣਾਈਏ ਅਤੇ ਮਿੱਟੀ ਦੇ ਬਰਤਨਾਂ ਦਾ ਉਪਯੋਗ ਕਰੀਏ। 

ਬਲਜਿੱੰਦਰ ਕੌਰ ਸ਼ੇਰਗਿੱਲ

3 comments:

  1. ਬਹੁਤ ਵਧੀਆ ਜਾਣਕਾਰੀ ਜੀ ਮਿੱਟੀ ਦੇ ਬਰਤਨਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਇਹ ਸਾਡੇ ਸੱਭਿਆਚਾਰ ਦਾ ਅੰਗ ਇਸ ਦਾ ਉਪਯੋਗ ਬਹੁਤ ਵਧੀਆ ਹੈ ਜੀ

    ReplyDelete
  2. ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਾਡੀ ਨਾਨੀ ਦਾਦੀ ਜੀ ਪਹਿਲਾ ਇਨ੍ਹਾਂ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਸੀ ਮਿੱਟੀ ਨਾਲ ਜੁੜੇ ਸੀ ਤਾਂਹੀ ਤੰਦਰੁਸਤ ਵੀ ਸਨ ਪਰ ਅਜੋਕੇ ਸਮੇਂ ਦੀ ਚਕਾਚੌਂਦ ਵਿਚ ਸਬ ਭੁੱਲ ਗਏ ਜਰੂਰਤ ਹੈ ਫੇਰ ਆਪਣੀਆਂ ਜੜਾ ਨਾਲ ਜੁੜਣ ਦੀ

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...