Friday, April 3, 2026

ਚਮਤਕਾਰ (ਹੱਡਬੀਤੀ ਕਹਾਣੀ)

 ਚਮਤਕਾਰ (ਹੱਡਬੀਤੀ ਕਹਾਣੀ) 

 ਕੁਝ ਕੁ ਸਾਲ ਇਸ ਗੱਲ ਨੂੰ ਬੀਤ ਚੁੱਕੇ ਹਨ, ਜਿਵੇਂ ਕਿ ਮੌਸਮ ਬਦਲਦੇ ਹੀ ਮੱਛਰ ਕੀੜੇ ਮਕੌੜੇ ਨਿਕਲਦੇ ਹਨ ਉਸ ਤਰ੍ਹਾਂ ਡੇਂਗੂ ਮੱਛਰਾਂ ਨੇ ਆਪਣਾ ਪਸਾਰ ਘਰ-ਘਰ ਵਿੱਚ ਕੀਤਾ ਹੋਇਆ ਸੀ ਜੋ ਸਾਨੂੰ ਨਜ਼ਰ ਨਹੀਂ ਆਉਂਦਾ।  

ਗੱਲ ਐਂਦਾ ਹੈ ਕਿ ਘਰ ਦੀ ਗ੍ਰਹਿਣੀ ਹੋਣ ਦੇ ਬਾਵਜੂਦ ਘਰ ਦੇ ਕੰਮਾਂ ਕਾਰਾਂ ਦੌਰਾਨ ਹਲਕਾ ਫ਼ੁਲਕਾ ਬੁਖਾਰ ਆਇਆ, ਪਰ ਉਸ ਬੁਖਾਰ ਤੋਂ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਬੁਖਾਰ ਬੈੱਡ ’ਤੇ ਬੰਦੇ ਨੂੰ ਇਸ ਤਰ੍ਹਾਂ ਸੁੱਟ ਦਿੰਦਾ ਹੈ, ਜਿਵੇਂ ਕਿ ਬੰਦਾ ਮੰਜੇ ਨਾਲ ਲੱਗਿਆ ਹੋਵੇ ਤੇ ਦੂਜਿਆਂ ’ਤੇ ਨਿਰਭਰ ਹੋ ਜਾਵੇ। 

ਭਾਵੇਂ ਇਸ ਗੱਲ ਨੂੰ ਕੁਝ ਸਾਲ ਲੰਘ ਚੁੱਕੇ ਹਨ, ਇੱਕ ਦਿਨ ਹਲਕੇ ਬੁਖਾਰ ਤੋਂ ਬਾਅਦ ਬੈੱਡ ਨੇ ਇੰਝ ਝਕੜਿਆ ਕੇ ਉਠਿਆ ਹੀ ਨਾ ਗਿਆ। ਹਲਕੇ ਬੁਖਾਰ ਤੋਂ ਬਾਅਦ ਤਾਂ ਘਰਦਿਆਂ ਦੀ ਮਦਦ ਤੋਂ ਬਿਨ ਬੈੱਡ ਤੋਂ ਵੀ ਲੱਤ ਨਹੀਂ ਸੀ ਲਹਿੰਦੀ। ਆਖ ਕੇ ਬੁਲਾਉਣਾ ਪੈਂਦਾ ਸੀ ਕਿ ਮੈਨੂੰ ਠੰਡ ਲੱਗਦੀ ਹੈ ਮੇਰੇ ’ਤੇ ਕੰਬਲ ਦੇ ਦੋ, ਜਾਂ ਫਿਰ ਵਾਸ਼ਰੂਮ ਤੱਕ ਲੈ ਚੱਲੋਂ। ਖੈਰ ਘਰਦਿਆਂ ਵਲੋਂ ਕੋਈ ਕਮੀ ਵੀ ਨਹੀਂ ਸੀ ਛੱਡੀ ਜਾਂਦੀ। ਮੇਰੇ ਪੈਣ ’ਤੇ ਉਨ੍ਹਾਂ ਨੇ ਆਪਣੀਆਂ ਜ਼ਿੰਮਵਾਰੀਆਂ ਵੀ ਖੂਬ ਚੰਗੀ ਤਰ੍ਹਾਂ ਨਿਭਾਈਆਂ। 

ਇੱਕ ਦਿਨ ਛੋਟਾ ਬੇਟਾ ਬੋਲਿਆ ਮੰਮਾ ਤੁਸੀਂ ਨਾਟਕ ਕਰਦੇ ਹੋ, ਵਾਸ਼ਰੂਮ ਤੱਕ ਫੜ ਕੇ ਲਿਜਾਣ ਦਾ। ਉਹ ਛੋਟਾ ਸੀ ਉਸ ਨੂੰ ਪਤਾ ਸੀ ਕਿ, ਮੰਮਾ ਇੱਕ ਦੋ ਦਿਨ ਪਹਿਲਾਂ ਚੰਗੀ ਭਲੀ ਸੀ ਅਚਾਨਕ ਮੰਮਾ ਇੰਝ ਕਿਉਂ ਕਰਨ ਲੱਗ ਪਈ। ਪਰ ਬੱਚਾ ਤਾਂ ਬੱਚਾ ਹੁੰਦਾ ਹੈ। ਜੋ ਦੇਖਦਾ ਹੈ ਉਹੀ ਬੋਲਦਾ ਹੈ। ਮੈਨੂੰ ਵੀ ਇਸ ਦਾ ਅੰਦਾਜ਼ਾ ਨਹੀਂ ਸੀ ਕੇ ਮੇਰੇ ਨਾਲ ਇੰਝ ਕਦੇ ਹੋਵੇਗਾ। ਡਾਕਟਰ ਕੋਲ ਜਾਣ ਵੀ ਔਖਾ ਲੱਗਦਾ ਸੀ, ਡਾਕਟਰ ਨੇ ਵੀ ਟੈਸਟ ਲੈ ਲਏ, ਕਹਿੰਦਾ ਰਿਪੋਰਟ ਕੱਲ੍ਹ ਤੱਕ ਆ ਜਾਵੇਗੀ। ਜੱਦਣ ਦਾ ਬੈੱਡ ’ਤੇ ਪਈ ਉੱਦਣ ਤੋਂ ਇਹ ਨਹੀਂ ਸੀ ਪਤਾ ਲੱਗਦਾ ਕਿ ਦਿਨ ਚੜ੍ਹ ਗਿਆ ਹੈ ਕਿ ਨਹੀਂ। ਕਿਉਂਕਿ ਨੀਂਦ ਤਾਂ ਮੈਨੂੰ ਉੁਠਾਏ ’ਤੇ ਹੀ ਖੁੱਲ੍ਹਦੀ ਸੀ, ਘਰਦਿਆਂ ਨੇ ਇੱਕ ਰੋਟੀ ਉਠਾ ਕੇ ਖੁਆ ਦੇਣੀ, ਚਾਹ ਪਾਣੀ ਦੇਣਾ ਤੇ ਫੇਰ ਸੌ ਜਾਣਾ। ਕਈ ਵਾਰੀ ਦਿਨ ’ਚ ਤਾਂ ਵਾਸ਼ਰੂਮ ਆਪ ਚਲੇ ਜਾਣਾ, ਪਰ ਵਾਸ਼ਰੂਮ ’ਚ ਜਾਣ ਤੋਂ ਬਾਅਦ ਉਠ ਕੇ ਖੜੇ ਹੋਣ ਦਾ ਸਿਆਪਾ ਪੈ ਜਾਂਦਾ। ਕਿਉਂਕਿ ਸਰੀਰ ਨੇ ਜਵਾਬ ਦੇ ਦਿੱਤਾ ਸੀ, ਫਿਰ ਵਾਸ਼ਵੇਸਨ ਦੀ ਮਦਦ ਨਾਲ ਮਸਾਂ ਹੀ ਉਠਣਾ ਤੇ ਹੋਲ਼ੀ- ਹੋਲ਼ੀ ਕੰਧ ਤੇ ਵਾਸ਼ਵੇਸ਼ਨ ਫੜ ਬਾਹਰ ਆਉਣਾ। ਖੈਰ ਵਾਸ਼ਰੂਮ ਦੇ ਦਰਵਾਜੇ ’ਤੇ ਕੋਈ ਨਾ ਕੋਈ ਖੜ੍ਹਦਾ ਤੇ ਮੈਨੂੰ ਮੇਰੇ ਬੈੱਡ ਤਕ ਲਟਾ ਦਿੰਦੇ । ਬੈੱਡ ਮੇਰਾ ਬਾਹਰ ਹੀ ਹੁੰਦਾ ਸੀ ਬਿਲਕੁਲ ਬਾਥਰੂਮ ਦੇ ਨਾਲ ਹੀ। ਪਰ ਮੇਰੀ ਹਿੰਮਤ ਜਵਾਬ ਦੇ ਚੁੱਕੀ ਸੀ ਤੇ ਮੈਨੂੰ ਸਹਾਰੇ ਦੀ ਲੋੜ ਪੈਂਦੀ ਸੀ। ਇਹ ਸਿਲਸਿਲਾ ਇੱਦਾਂ ਹੀ ਕਈ ਦਿਨ ਚੱਲਦਾ ਰਹਿਆ ਜਦੋਂ ਤੱਕ ਸਰੀਰ ਰਿਸ਼ਟ ਪੁਸ਼ਟ ਨਾ ਹੋਇਆ। 

ਖੈਰ ਡਾਕਟਰ ਦੀ ਰਿਪੋਰਟ ਵੀ ਆ ਗਈਆਂ, ਉਸ ’ਚ ਕੋਈ ਜ਼ਿਆਦਾ ਵੱਡਾ ਡਰ ਨਾ ਦੱਸਿਆ ਡਾਕਟਰ ਵਲੋਂ ਪਤਾ ਚੱਲਿਆ ਕੇ ਪਲੇਟਲੈਟ ਘੱਟ ਹੋ ਗਏ ਨੇ ਦਵਾਈ ਖੁਆਓ ਠੀਕ ਹੋ ਜਾਵੇਗਾ। ਦਵਾਈ ਜਿੱਦਾਂ ਦੱਸੀ ਗਈ ਉਹ ਵੀ ਘਰ ਦੇ ਦਿੰਦੇ ਗਏ। ਘਰਵਾਲਾ ਲੋਕਾਂ ਵਲੋਂ ਦੱਸੇ ਗਿਲੋਅ ਦੀ ਡੰਡੀਆਂ ਤੋੜ ਲੈ ਆਏ। ਉਨ੍ਹਾਂ ਨੇ ਪਾਣੀ ਵਿਚ ਗਿਲੋਅ ਦੀਆਂ ਡੰਡੀਆਂ ਤੋੜ ਕੇ ਪਾਣੀ ਉੁਬਾਲ ਕੇ ਰੱਖ ਦੇਣੀਆਂ। ਰੋਜ ਇੱਦਾਂ ਹੀ ਕਰਦੇ, ਮੈਨੂੰ ਗਿਲਾਸ ’ਚ ਪਾਣੀ ਦੇ ਦਿੰਦੇ ਤੇ ਮੈਂ ਪੀ ਲੈਂਦੀ। ਪਰ ਕਿਸੇ ਨੇ ਇਹ ਨਹੀਂ ਸੋਚਿਆਂ ਕੇ ਪਾਣੀ ਦੀ ਮਾਤਰਾ ਕਿੰਨੀ ਦੇਣੀ ਹੈ , ਮੈਨੂੰ ਜਿੰਨ੍ਹਾਂ ਪਾਣੀ ਦਿੱਤਾ ਜਾਂਦਾ ਮੈਂ ਪੀਦੀ ਗਈ ।

ਬਿਮਾਰ ਬੈੱਡ ’ਤੇ ਪਿਆ ਨੂੰ ਕਾਫ਼ੀ ਦਿਨ ਹੋ ਚੁੱਕੇ ਸੀ ਤੇ ਇੱਕ ਦਿਨ ਸ਼ਾਮ ਵੇਲੇ ਮੈਂ ਬਾਹਰ ਹੀ ਬੈੱਡ ’ਤੇ ਪਈ ਸੀ, ਕੋਲ ਛੋਟਾ ਬੇਟਾ ਵੀ ਫਿਰ ਰਿਹਾ ਸੀ। ਉਸ ਸਮੇਂ ਮੇਰੇ ਪੇਟ ’ਚ ਅਚਾਨਕ ਪਏ-ਪਏ ਇੰਨੀਂ ਬੁਰੀ ਤਰ੍ਹਾਂ ਦਰਦ ਉਠਿਆ, ਮੈਂ ਦਰਦ ਦੇ ਮਾਰੇ ਪੇਟ ਫੜ ਲਿਆ ਤੇ ਜਗਜੀਤ (ਬੇਟਾ) ਨੂੰ ਆਵਾਜ਼ ਲਗਾਈ ਜਾ ਪਾਪਾ ਬੋਲ ਮੈਨੂੰ ਹਸਪਤਾਲ ਲੈ ਚੱਲਣ। ਬੇਟਾ ਆਪਣੇ ਪਾਪਾ ਕੋਲ ਗਿਆ ਪਰ ਉਹ ਛੇਤੀ ਵਾਪਸ ਨਹੀਂ ਆਇਆ। ਮੈਂ ਦਰਦ ਵਿੱਚ ਹੀ ਬੈੱਡ ਤੋਂ ਪੈਰ ਥੱਲ੍ਹੇ ਉਤਾਰੇ, ਤੇ ਬੈੱਡ ਨੂੰ ਫੜ-ਫੜ ਕੇ ਬੈੱਡ ਕੋਲ ਹੀ ਚੱਕਰ ਲਗਾ ਬਾਬਾ ਸੋਹਾਣੇ ਵਾਲੇ ਜੱਥੇਦਾਰ ਸ਼ਹੀਦ ਬਾਬਾ ਹਨੰੂਮਾਨ ਜੀ ਨੂੰ ਯਾਦ ਕੀਤਾ। ਕਿਹਾ ਬਾਬਾ ਜੀ ਬੱਚੇ ਛੋਟੇ ਨੇ ਉਨ੍ਹਾਂ ਨੂੰ ਕਿਸੇ ਨੇ ਗਾਇਡ ਵੀ ਨਹੀਂ ਕਰਨਾ, ਉਨ੍ਹਾਂ ਨੂੰ ਕੌਣ ਦੇਖੇਗਾ। ਫਿਰ ਮਨ ’ਚ ਅਰਦਾਸ ਕੀਤੀ ਕੁਝ ਸਮਾਂ ਹੋਰ ਦੇ ਦੇਉ, ਤੇ ਫਿਰ ਦੋ ਤਿੰਨ ਚੱਕਰ ਲਗਾ ਕੇ ਮੈਂ ਬੈੱਡ ’ਤੇ ਪੈ ਗਈ। ਉਹ ਸਮਾਂ ਤਾਂ ਮੇਰੇ ਲਈ ਮੌਤ ਸਮਾਨ ਸੀ। ਭਾਵੇ ਇਸ ਦਾ ਅਹਿਸਾਸ ਘਰ ਵਾਲਿਆਂ ਨੇ ਨਹੀਂ ਸੀ ਦੇਖਿਆ, ਜੋ ਮੈਂ ਇਕੱਲੀ ਨੇ ਹੀ ਅਨੁਭਵ ਕੀਤਾ।

ਸੋਹਾਣੇ ਵਾਲੇ ਜੱਥੇਦਾਰ ਬਾਬਾ ਹਨੰੂਮਾਨ ਜੀ ਦੀ ਕਿਰਪਾ ਦੇਖੋਂ ਜਿਵੇਂ ਆਪ ਹੀ ਸਹਾਈ ਹੋ ਗਏ ਹੋਣ। ਮੈਨੂੰ ਬੈੱਡ ’ਤੇ ਪਿਆਂ ਨੂੰ ਕੁਝ ਮਿੰਟ ਹੀ ਹੋਏ ਹੋਣੇ, ਮੇਰਾ ਦਰਦ ਅਚਾਨਕ ਗਾਇਬ ਹੋ ਗਿਆ, ਮੈਂ ਫਿਰ ਵੀ ਉਸੇ ਤਰ੍ਹਾਂ ਬੈਡ ਤੇ ਪਈ ਰਹੀ। ਕੁਝ ਸਮੇਂ ਬਾਅਦ ਛੋਟਾ ਬੇਟਾ ਆਇਆ। ਕਹਿੰਦਾ ਮੰਮਾ ਪਾਪਾ ਆ ਰਹੇ ਨੇ। ਮੈਂ ਉਸਨੂੰ ਕਿਹਾ ਕਿ ਮੈਂ ਹੁਣ ਠੀਕ ਹਾਂ। ਫੇਰ ਮੈਨੰੂ ਨੀਂ ਪਤਾ ਕਦੋਂ ਨੀਂਦ ਆ ਗਈ ਕੋਈ ਪਤਾ ਨਹੀਂ।

ਇੱਦਾਂ ਹੀ ਦਿਨ ਲੰਘਦੇ ਗਏ ਤੇ ਮੈਂ ਠੀਕ ਤਾਂ ਹੰੁਦੀ ਗਈ ਪਰ ਕਈ ਸਮੱਸਿਆਵਾਂ ਅਜੇ ਵੀ ਚੱਲ ਰਹੀਆਂ ਸਨ। ਇੱਕ ਦਿਨ ਹੱਥਾਂ ’ਚ ਲਾਲੀ ਆ ਗਈ ਤੇ ਮੇਰੇ ਹੱਥਾਂ ਵਿੱਚ ਖੁਜੱਲੀ ਵੀ ਐਨੀ ਵੱਧ ਗਈ ਕੇ ਮੇਰੇ ਤੋਂ ਖੁਜਲੀ ਕਰੇਂ ਬਿਨਾਂ ਨਾ ਰਿਹਾਂ ਜਾਵੇਂ। ਇਹ ਖੁਜਲੀ ਐਨੀ ਜ਼ਿਆਦਾ ਹੁੰਦੀ ਸੀ ਕਿ ਪੁੱਛੋਂ ਹੀ ਨਾ। ਘਰਵਾਲੇ ਨਾਲ ਮੈਂ ਫਿਰ ਡਾਕਟਰ ਕੋਲ ਗਈ ਉਸ ਨੇ ਵੀ ਕਿਹਾ ਕਿ ਕੁਝ ਨਹੀਂ ਦਵਾਈਆਂ ਗਰਮ ਸੀ ਇਸ ਲਈ ਹੋ ਰਹੀ ਹੈ। ਫਿਰ ਉਸ ਨੇ ਕੁਝ ਦਵਾਈਆਂ ਲਿਖ ਦਿੱਤੀਆਂ, ਦਵਾਈਆਂ ਖਾਣ ’ਤੇ ਵੀ ਕਈ ਦਿਨ ਫ਼ਰਕ ਨਾ ਪਿਆ। ਹੌਲ਼ੀ ਹੌਲ਼ੀ ਦਿਨ ਬੀਤਦੇ ਗਏ,ਇਹ ਹੱਥਾਂ ਵਾਲੀ ਸਮੱਸਿਆ ਆਪਣੇ ਆਪ ਖ਼ਤਮ ਹੋ ਗਈ। ਮੇਰੇ ਤੇ ਘਰਵਾਲਿਆਂ ਦੇ ਹਿਸਾਬ ਨਾਲ ਤਾਂ ਮੈਨੂੰ ਗਿਲੋਅ ਜ਼ਿਆਦਾ ਪਿਲਾ ਦਿੱਤੀ ਗਈ ਇਸ ਲਈ ਹੱਥਾਂ ’ਤੇ ਇਹ ਸਮੱਸਿਆ ਆਈ। ਹਰ ਕੋਈ ਆਪਣੇ-ਆਪਣੇ ਅੰਦਾਜ਼ੇ ਲਗਾਉਂਦੇ ਰਹੇ। ਖੈਰ ਹੌਲ਼ੀ ਹੌਲ਼ੀ ਸਭ ਠੀਕ ਹੋ ਗਿਆ। 

ਇੱਕ ਦਿਨ ਮਨ ’ਚ ਵਿਚਾਰ ਆਇਆ ਕਿ ਜਿਸ ਕੋਲ ਪ੍ਰਮਾਤਮਾ ਆਪ ਚੱਲ ਕੇ ਆਇਆ ਹੋਵੇ ਉਸ ਤੋਂ ਪ੍ਰਮਾਤਮਾ ਨੇ ਅਜੇ ਕਈ ਕੰਮ ਲੈਣੇ ਹੋਣੇ ਨੇ। ਨਹੀਂ ਤਾਂ ਇਹ ਚਮਤਕਾਰ ਨਹੀਂ ਸੀ ਹੋਣਾ। ਹੁਣ ਤਾਂ ਲੋਕੀਂ ਮੈਨੂੰ ਭੁੱਲ ਵੀ ਚੁੱਕੇ ਹੁੰਦੇ । 

ਮੇਰੇ ਪ੍ਰਭੂ ਦੀ ਕਿਰਪਾ ਦੇਖੋਂ ਕੁਝ ਸਮੇਂ ਬਾਅਦ ਜਦੋਂ ਮੈਂ ਆਫ਼ਿਸ ਜਾਣਾ ਸ਼ੁਰੂ ਕੀਤਾ ਤਾਂ ਮੇਰੀ ਕਲਮ ’ਤੇ ਮਾਲਕ ਨੇ ਅਜਹਿੀ ਕਿਰਪਾ ਕੀਤੀ ਤੇ ਜੋ-ਜੋ ਵਿਚਾਰ ਆਇਆ ਮੈਂ ਲਿਖਦੀ ਗਈ। ਪਰ ਇੱਕ ਦਿਨ ਮਨ ਨੇ ਵਿਚਾਰ ਬਣਾਇਆ ਚੱਲ ਜਾਗਰੂਕਤਾ ਫੈਲਾ ਤੇ ਡੇਂਗੂ ਦੇ ਕਹਿਰ ’ਤੇ ਬਚਾਓ ਬਾਰੇ ਲਿਖ। ਫਿਰ ਮੈਂ ਡਿਸਪੈਂਸਰੀ ਗਈ ਕੁਝ ਡੇਂਗੂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋ ਸਕੇ। ‘ਡੇਂਗੂ ਦੀ ਰੋਕਥਾਮ ਲਈ ਕੀਤੇ ਜਾਣ ਉਪਰਾਲੇ’ ਇਹ ਆਰਟੀਕਲ ਮੇਰੇ ਕਈ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਇਆ। ਮੈਨੂੰ ਅਹਿਸਾਸ ਹੋਇਆ ਕਿ ਜਾਗਰੂਕਤਾ ਲਿਆਉਣ ਲਈ ਹੀ ਤੇਰੇ ਤੇ ਇਹ ਡੇਂਗੂ ਦਾ ਕਹਿਰ ਆਉਣਾ ਸੀ। ਤਾਂ ਜੋ ਤੂੰ ਹੋਰਾਂ ਲਈ ਪ੍ਰਰੇਣਾ ਬਣ ਸਕੇ ਤੇ ਡੇਂਗੂ ਵਰਗੀ ਬਿਮਾਰੀ ਨੂੰ ਮਾਤ ਦੇ ਕੇ ਜੀਵਨ ਨੂੰ ਦੁਬਾਰਾ ਸ਼ੁਰੂ ਕਰ ਸਕੇ। 

ਬਲਜਿੰਦਰ ਕੌਰ ਸ਼ੇਰਗਿੱਲ

9878519278

6 comments:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...