Friday, April 10, 2026

ਊਠ ਦੀ ਸਵਾਰੀ (ਮਿੰਨੀ ਕਹਾਣੀ)

ਊਠ ਦੀ ਸਵਾਰੀ (ਮਿੰਨੀ ਕਹਾਣੀ)

             

ਐਤਵਾਰ ਦਾ ਦਿਨ ਸੀ ਤੇ ਮੇਰੀ ਉਸ ਦਿਨ ਛੁੱਟੀ ਸੀ। ਮੈਂ ਘਰ ਦਾ ਕੰਮ ਕਾਰ ਕੀਤਾ। ਉਸ ਦਿਨ ਮੇਰਾ ਭਾਣਜਾ ਵੀ ਸਾਨੂੰ ਮਿਲਣ ਲਈ ਮੁਹਾਲੀ ਆ ਗਿਆ। ਸ਼ਾਮ ਨੂੰ ਅਸੀਂ ਮਾਰਕੀਟ ਜਾਣ ਦਾ ਵਿਚਾਰ ਬਣਾਇਆ। ਮੈਂ ਤੇ ਮੇਰੇ ਬੱਚੇ ਅਤੇ ਮੇਰਾ ਭਾਣਜਾ ਅਸੀਂ ਚਾਰੇ ਜਣੇ ਮੈਗਾ ਮਾਰਟ ਸਾਪਿੰਗ ਕਰਨ ਲਈ ਤਿਆਰ ਹੋ ਗਏ। ਮੈਗਾ ਮਾਰਟ ਸਾਪਿੰਗ ਮਾਲ ਦੇ ਬਾਹਰ ਇੱਕ ਊਠ ਵਾਲਾ ਊਠ ਦੀ ਸਵਾਰੀ ਕਰਵਾ ਰਿਹਾ ਸੀ। ਮੇਰੇ ਦੋਵੇਂ ਬੱਚੇ ਤੇ ਭਾਣਜਾ ਊਠ ਦੀ ਸਵਾਰੀ ਦਾ ਚੱਕਰ ਲਾਉਣ ਲਈ ਊਠ ਉਤੇ ਬੈਠ ਗਏ।



ਉਥੇ ਦੋ ਬੱਚੇ ਗੁਬਾਰੇ ਵੇਚਣ ਵਾਲੇ ਜੋ ਮਾਰਕੀਟ ਅੱਗੇ ਗੁਬਾਰੇ ਵੇਚਦੇ ਸੀ। ਉਹ ਮੇਰੇ ਕੋਲ ਆ ਕੇ ਮੈਨੂੰ ਕਹਿਣ ਲੱਗੇ ਕਿ ਅਸੀਂ ਵੀ ਊਠ ਉੱਤੇ ਸਵਾਰੀ ਕਰਨੀ ਹੈ।ਸਾਨੂੰ ਊਠ ਦੀ ਸਵਾਰੀ ਕਰਵਾ ਦਿਓ। ਉਹਨਾਂ ਬੱਚਿਆਂ ਦੀ ਉਮਰ ਚਾਰ ਸਾਲ ਅਤੇ ਦੂਜੇ ਦੀ ਸੱਤ ਜਾਂ ਅੱਠ ਕੁ ਸਾਲਾਂ ਦੀ ਹੋਣੀ ਐ। ਉਹਨਾਂ ਦੇ ਮਾਤਾ -ਪਿਤਾ ਤਾਂ ਮੈਨੂੰ ਕਿਤੇ ਦਿਖਾਈ ਹੀ ਨਹੀਂ ਦਿੱਤੇ। ਕਿਉਂਕਿ ਦੋਵੇਂ ਹੀ ਮੇਰੇ ਕੋਲ ਭੱਜੇ ਆਏ ਸੀ। ਮੈਂ ਊਠ ਵਾਲੇ ਨਾਲ ਗੱਲ ਕੀਤੀ ਕਿ  ਤੁਸੀਂ ਇਹਨਾਂ ਬੱਚਿਆਂ ਨੂੰ ਊਠ ਦੀ ਸਵਾਰੀ ਕਰਵਾ ਦਿਉ। ਬੱਚਿਆਂ ਦੇ ਹੱਥ ਵਿੱਚ ਬਹੁਤ ਸਾਰੇ ਗੁਬਾਰੇ ਫੜੇ ਹੋਏ ਸਨ। ਉਹਨਾਂ ਬੱਚਿਆਂ ਦਾ ਚਾਅ ਦੇਖੋ। ਸਾਨੂੰ ਹੀ ਉਹ ਗੁਬਾਰੇ ਫੜਾ ਊਠ ਉਤੇ ਚੜ੍ਹਨ ਲੱਗੇ। ਮੇਰੇ ਛੋਟੇ ਬੇਟੇ ਤੋਂ ਗੁਬਾਰੇ ਫੜਨ ਲੱਗਿਆ ਇੱਕ ਗੁਬਾਰਾ ਫਟ ਗਿਆ। ਅਜੇ ਗੁਬਾਰੇ ਵੇਚਣ ਵਾਲੇ ਬੱਚੇ ਊਠ ’ਤੇ ਬੈਠੇ ਨਹੀਂ ਸੀ। ‘‘ਮੈਂ ਉਸਨੂੰ ਬੋਲਿਆ ਤੇਰਾ ਇੱਕ ਗੁਬਾਰਾ ਫਟ ਗਿਆ।’’ ਉਹਨਾਂ ਵਿਚੋਂ ਵੱਡਾ ਊਠ ਤੇ ਬੈਠਣ ਲਈ ਐਨਾ ਉਤਾਵਲਾ ਅਤੇ ਖੁਸ਼ ਸੀ ਕੇ ਉਸ ਦੇ ਮੂੰਹੋਂ ਕੋਈ ਨਾ, ਕੋਈ ਨਾ ਨਿਕਲਿਆ ਤੇ ਖ਼ੁਸ਼ੀ-ਖ਼ੁਸ਼ੀ ਊਠ ਉੱਤੇ ਬੈਠ ਗਿਆ। ਉਸ ਦੇ ਨਾਲ ਜੋ ਛੋਟੇ ਬੱਚਾ ਸੀ, ਉਸ ਨੂੰ ਵੀ ਊਠ ਵਾਲੇ ਬਾਈ ਨੇ ਬਿਠਾ ਦਿੱਤਾ। ਊਠ ਵਾਲਾ ਭਾਈ ਉਹਨਾਂ ਨੂੰ ਚੱਕਰ ਪੂਰਾ ਕਰਵਾਉਣ ਲਈ ਲੈ ਗਿਆ। ਅਸੀਂ ਉਹਨਾਂ ਦੇ ਗੁਬਾਰੇ ਫੜੀ ਉਦੋਂ ਤੱਕ ਖੜੇ ਰਹੇ ਜਦੋਂ ਤੱਕ ਉਹ ਚੱਕਰ ਪੂਰਾ ਕਰਕੇ ਵਾਪਸ ਨਹੀਂ ਆਏ।

ਫਿਰ ਜਦੋਂ ਉਹਨਾਂ ਦਾ ਚੱਕਰ ਪੂਰਾ ਹੋਇਆ ਤਾਂ ਉਹਨਾਂ ਬੱਚਿਆਂ ਨੂੰ ਮੈਂ ਪੁੱਛਿਆ ਖ਼ੁਸ਼ ਹੋ ਬੇਟਾ ਊਠ ਦੀ ਸਵਾਰੀ ਕਰਕੇ, ਤਾਂ ਵੱਡੇ ਵਾਲੇ ਨੇ ਬਹੁਤ ਖ਼ੁਸ਼ੀ ਨਾਲ ਜਵਾਬ ਦਿੱਤਾ ਹਾਂ ਜੀ, ਹਾਂ ਜੀ। ਫਿਰ ਕੀ ਸੀ ਅਸੀਂ ਉਹਨਾਂ ਦੇ ਗੁਬਾਰੇ ਉਹਨਾਂ ਨੂੰ ਫੜਾ ਦਿੱਤੇ। ਉਹ ਫਿਰ ਖ਼ੁਸ਼ੀ-ਖ਼ੁਸ਼ੀ ਆਪਣੇ ਗੁਬਾਰੇ ਲੈ ਕੇ ਵੇਚਣ ਲਈ ਇੱਧਰ -ਉੱਧਰ ਘੁੰਮਣ ਲੱਗੇ।

ਅੱਜ ਦੇ ਦੌਰ ਵਿੱਚ ਕਿਸੇ ਨੂੰ ਦੋ ਪਲ ਖ਼ੁਸ਼ੀ ਦੇ ਅਜਿਹੇ ਦੇਣੇ ਜ਼ਰੂਰ ਚਾਹੀਦੇ ਹਨ। ਜਿਸ ਨਾਲ ਸਾਡਾ ਮਨ ਵੀ ਖ਼ੁਸ਼ ਹੋਵੇ ਅਤੇ ਖ਼ੁਸ਼ੀ ਪ੍ਰਾਪਤ ਕਰਨ ਵਾਲੇ ਨੂੰ ਵੀ ਅਥਾਹ ਖ਼ੁਸ਼ੀ ਹੋਵੇ। ਕਿਉਂਕਿ ਬੱਚੇ ਤਾਂ ਬੱਚੇ ਹੁੰਦੇ ਹਨ ਉਹ ਭਾਵੇ ਕਿਸੇ ਗੁਬਾਰੇ ਵੇਚਣ ਵਾਲੇ ਹੋਣ ਜਾਂ ਫਿਰ ਕਿਸੇ ਅਮੀਰ ਦੇ ਹੋਣ। ਬੱਚਿਆਂ ਵਿਚ ਰੱਬ ਵੱਸਦਾ ਹੁੰਦਾ ਹੈ। ਇਸ ਲਈ ਜਿੰਦਗੀ ਵਿਚ ਜਦੋਂ ਸਮਾਂ ਮਿਲੇ ਤਾਂ ਅਜਿਹੇ ਬੰਦਿਆਂ ਨੂੰ ਜ਼ਰੂਰ ਖੁਸ਼ੀ ਦਿਆ ਕਰੋ ਅਤੇ ਰੱਬ ਦਾ ਹਮੇਸ਼ਾਂ ਹੀ ਸ਼ੁਕਰਾਨਾ ਕਰਦੇ ਰਹੋ। ਜਿਸ ਨੇ ਤੁਹਾਨੂੰ ਜ਼ਰੀਆ ਬਣਾ ਦੂਜਿਆਂ ਲਈ ਕੁਝ ਕੁ ਪਲਾਂ ਦੀਆਂ ਖੁਸ਼ੀਆਂ ਦੇਣ ਦਾ ਮੌਕਾ ਦਿੱਤਾ ਹੈ।


ਬਲਜਿੰਦਰ ਕੌਰ ਸ਼ੇਰਗਿੱਲ

2 comments:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...