ਹੱੜਪਾ ਸੱਭਿਅਤਾ ਤੋਂ ਵੱਸਿਆ ਪਿੰਡ ਕੋਟਲਾ ਨਿਹੰਗ (ਇਤਿਹਾਸ )
ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿਚ ਵੱਸਿਆ ਪਿੰਡ ਕੋਟਲਾ ਨਿਹੰਗ ਦਸਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ। ਇਹ ਪਿੰਡ ਇੱਕ ਟਿੱਬੇ ’ਤੇ ਹੈ। ਪਿੰਡ ਕੋਟਲਾ ਨਿਹੰਗ ਰੋਪੜ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਹੈ। ਇਸ ਪਿੰਡ ਨਾਲ ਇਤਿਹਾਸ ਨਾਲ ਜੁੜਿਆ ਹੋਇਆ ਹੈ। ਇਤਿਹਾਸਕਾਰਾਂ ਦੇ ਮੁਤਾਬਕ ਇਸ ਪਿੰਡ ਦਾ ਨਾਂ ਕੋਟਲਾ ਨਿਹੰਗ ਖਾਨ ਨਾਮ ਗੂਰੂ ਜੀ ਦੇ ਮੁਰੀਦ ਉਸ ਸਮੇਂ ਦੇ ਮੁਸਲਿਮ ਸ਼ਾਸਕ ਅਤੇ ਜ਼ਿਮੀਦਾਰ ਦੇ ਨਾਂ ’ਤੇ ਪਿਆ ਸੀ। ਕੋਟਲਾ ਨਿਹੰਗ ਪਿੰਡ ਰੋਪੜ ਦੇ ਬਿਲਕੁਲ ਕਰੀਬ ਹੋਣ ਕਰਕੇ ਇਥੇ ਅਕਸਰ ਹੱੜਪਾ ਸੱਭਿਅਤਾ ਦਾ ਜ਼ਿਕਰ ਆਉਂਦਾ ਹੈ। ਕਿਉਂਕਿ ਜਦ ਸੰਘੋਲ (ਉੱਚਾ ਪਿੰਡ) ਖੁਦਾਈ ਕੀਤੀ ਗਈ ਤਾਂ ਉਥੇ ਹੱੜਪਾ ਸੱਭਿਅਤਾ ਦੀ ਨਿਸ਼ਾਨੀਆਂ ਮਿਲੀਆਂ ਜੋ ਰੋਪੜ ਵਿੱਚ ਖੁਦਾਈ ਸਮੇਂ ਪਾਈਆਂ ਗਈਆਂ, ਜੋ ਮਿਊਜੀਅਮ ਵਿੱਚ ਅੱਜ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ। ਕੋਟਲਾ ਨਿਹੰਗ ਪਿੰਡ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਹੈ। ਇਸ ਗੁਰਦੁਆਰੇ ਦੀ ਥਾਂ ’ਤੇ ਕਿਸੇ ਸਮੇਂ ਇੱਕ ਭੱਠਾ ਹੋਇਆ ਕਰਦਾ ਸੀ। ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦਸਮ ਪਿਤਾ ਦੇ ਨੀਲੇ ਘੋੜੇ ਦੇ ਪੌੜ ਨਾਲ ਭੱਠਾ ਠੰਡਾ ਹੋ ਗਿਆ ਸੀ ਜਿਸ ਦੇ ਨਿਸ਼ਾਨ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਦੇਖੇ ਜਾ ਸਕਦੇ ਹਨ। ਇਥੇ ਹਰ ਸਾਲ ਹੋਲਾ ਮਹੱਲਾ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਪੋਹ ਮਹੀਨੇ ਵਿਚ ਤਿੰਨ ਦਿਨ ਸ਼ਹੀਦੀ ਜੋੜ ਮੇਲ (ਸਭਾ) ਭਰਦੀ ਹੈ। ਜਿਸ ਕਰਕੇ ਇਥੇ ਭਾਰੀ ਇਕੱਠ ਹੁੰਦਾ ਹੈ।
ਇਸ ਪਿੰਡ ਵਿੱਚ ਟਿੱਬੇ ’ਤੇ ਇੱਕ ਕਿਲ੍ਹਾ ਸੀ। ਇਸ ਪਿੰਡ ਵਿਚ ਭਾਈ ਬਚਿੱਤਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਵੀ ਹੈ। ਇਤਿਹਾਸਕਾਰਾਂ ਅਨੁਸਾਰ ਆਨੰਦਪੁਰ ਸਾਹਿਬ ਦੀ ਦੂਜੀ ਜੰਗ ਦੌਰਾਨ ਪਹਾੜੀ ਰਾਜਿਆਂ ਵਲੋਂ ਮਸਤ ਹਾਥੀ ਨੂੰ ਦੋ ਮੱਟ ਸ਼ਰਾਬ ਪਿਆ ਕੇ ਹਾਥੀ ਨੂੰ ਜੰਗ ਵੱਲ ਸਿੱਧਾ ਕਰ ਦਿੱਤਾ ਸੀ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ। ਭਾਈ ਬੱਚਿਤਰ ਸਿੰਘ ਜੀ ਨੇ ਦਸਮ ਪਾਤਸ਼ਾਹ ਵਲੋਂ ਦਿੱਤੀ 9 ਫੁੱਟ ਨਾਗਣੀ ਲੈ ਕੇ ਘੋੜੇ ’ਤੇ ਸਵਾਰ ਹੋ ਗਏ। ਘੋੜੇ ਨੇ ਹਾਥੀ ਦੀ ਸੁੰਢ ’ਤੇ ਦੋਵੇਂ ਪੈਰ ਰੱਖ ਦਿੱਤੇ, ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ ਨਾਗਣੀ ਬਰਸ਼ੀ ਹਾਥੀ ਦੇ ਸਿਰ ਵਿੱਚ ਐਨੀ ਜ਼ੋਰ ਨਾਲ ਮਾਰੀ ਕੇ ਲੂਹ ਦੀ ਧਾਰ ਵਗੀ ਤੇ ਜ਼ਖਮੀ ਹਾਥੀ ਚੰਘਿਆੜਦਾ ਪਿਛੇ ਨੂੰ ਭੱਜ ਗਿਆ ਸੀ।
ਇਸ ਪਿੰਡ ਵਿਚ ਭਾਈ ਬਚਿੱਤਰ ਸਿੰਘ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ। ਜਦੋਂ ਭਾਈ ਬਚਿੱਤਰ ਸਿੰਘ ਜੀ ਮਲਕਪੁਰ ਰੰਗੜਾ ਵਿਖੇ ਲੜਾਈ ਵਿੱਚ ਜ਼ਖ਼ਮੀ ਹੋ ਗਏ ਤੇ ਸ੍ਰੀ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਉਨ੍ਹਾਂ ਕੋਟਲਾ ਨਿਹੰਗ ਖਾਨ ਦੇ ਕਿਲ੍ਹੇ ਛੱਡ ਗਏ। ਮੁਗਲਾਂ ਫੌਜਾਂ ਜਦ ਪਤਾ ਲੱਗਾ ਕਿ ਸਿੰਘ ਨਿਹੰਗ ਖਾਨ ਦੇ ਕਿਲ੍ਹੇ ਵਿੱਚ ਆਏ ਹੋ ਹਨ ਤਾਂ ਉਹ ਤਲਾਸ਼ੀ ਲੈਣ ਪਹੁੰਚ ਗਏ ਤਦ ਨਿਹੰਗ ਖਾਨ ਨੇ ਕਿਲ੍ਹੇ ਦੀ ਤਲਾਸ਼ੀ ਦਿੱਤੀ, ਪਰ ਇੱਕ ਕਮਰਾ ਬੰਦ ਪਿਆ ਸੀ ਜਿਥੇ ਨਿਹੰਗ ਖਾਨ ਨੇ ਕਿਹਾ ਕਿ ਇਥੇ ਉਨ੍ਹਾਂ ਦੇ ਧੀ ਜੁਆਈ ਆਏ ਹੋਏ ਨੇ ਕਿਹੋ ਤਾਂ ਖੁਲ੍ਹਵਾ ਦਿੰਦਾ ਹਾਂ ਤਾਂ ਫੌਜਾਂ ਕਮਰਾ ਦੇਖੇ ਬਿਨ੍ਹਾਂ ਹੀ ਫੌਜਾਂ ਵਾਪਸ ਮੁੜ ਗਈਆਂ, ਪਰ ਜ਼ਖਮਾਂ ਦੀ ਤਾਬ ਨਾ ਝੇਲਦੇ ਹੋਏ 8 ਦਸੰਬਰ 1705 ਨੂੰ ਭਾਈ ਬਚਿੱਤਰ ਸਿੰਘ ਚਲ ਵਸੇ।
ਅਗਲੀ ਰਾਤ ਕੋਟਲਾ ਨਿਹੰਗ ਖਾਨ ਨੇ ਗੁਪਤ ਤਰੀਕੇ ਨਾਲ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ। ਜਿਥੇ ਅੱਜ ਭਾਈ ਬਚਿੱਤਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਸੋਸ਼ਭਿਤ ਹੈ।
ਇਸ ਨਾਲ ਹੀ ਬੀਬੀ ਮੁਮਤਾਜ ਦੀ ਯਾਦ ਵਿੱਚ ਕਿਲ੍ਹਾ ਹੈ। ਜਿਸ ਨੇ ਭਾਈ ਬਚਿੱਤਰ ਸਿੰਘ ਆਪਣਾ ਪਤੀ ਮੰਨ ਕੇ ਸਾਰੀ ਉਮਰ ਕੁਆਰੇ ਹੀ ਕੱਟ ਦਿੱਤੀ ਸੀ। ਇਥੇ ਬੀਬੀ ਮੁਮਤਾਜ ਦਾ ਵਿਸ਼ੇਸ਼ ਅਸਥਾਨ ਬਣਾਇਆ ਗਿਆ ਹੈ। ਪਿੰਡ ਵਿੱਚ ਬਾਬਾ ਜ਼ੋਰਾਵਰ ਇਤਿਹਾਸਕ ਗੁਰਦੁਆਰਾ ਵੀ ਸੋਸ਼ਭਿਤ ਹੈ।
ਪਿੰਡ ਵਿੱਚ ਜਦ ਅੰਦਰ ਨੂੰ ਜਾਂਦੇ ਹਾਂ ਤਾਂ ਪਿੰਡ ਵਿੱਚ ਹੋਰ ਵੀ ਗੁਰਦੁਆਰੇ, ਚਰਚ, ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਡਿਸਪੈਂਸਰੀ, ਪ੍ਰਾਇਵੇਟ ਸਕੂਲ, ਆਟਾ ਪੀਹਣ ਵਾਲੀ ਚੱਕੀ, ਡਿੱਪੂ, ਸਰਕਾਰੀ ਪਾਣੀ ਦੀਆਂ ਟੈਕੀਆਂ, ਚਰਚ ਭਾਈਚਾਰੇ ਵਲੋਂ ਖੋਲ੍ਹਿਆ ਸਕੂਲ, ਸ਼ੀਤਲਾ ਮਾਤਾ ਦਾ ਮੰਦਰ, ਸ਼ਿਵ ਮੰਦਰ (ਪਿੰਡ ਦੇ ਬਾਹਰ ਸਥਿਤ ਹੈ), ਧਰਮਸ਼ਾਲਾ, ਸ੍ਰੀ ਭੱਠਾ ਸਾਹਿਬ ਗੁਰਦੁਆਰੇ ਸਾਹਮਣੇ ਇੱਕ ਵੱਡੀ ਸਾਰੀ ਮੰਡੀ ਹੈ, ਜਦ ਕਿਸਾਨਾਂ ਦੀਆਂ ਫ਼ਸਲਾਂ ਪੱਕ ਕੇ ਸੁੱਕ ਜਾਂਦੀਆਂ ਹਨ ਤਾਂ ਇਥੇ ਮੰਡੀ ਵਿੱਚ ਲਿਆਈਆਂ ਜਾਂਦੀਆਂ ਹਨ।
ਪਿੰਡ ਵਿਚ ਪੁਰਾਣੇ ਸਮੇਂ ਦੇ ਬਣੇ ਖੂਹ ਅੱਜ ਵੀ ਮੌਜੂਦ ਨੇ ਜਿਹਨਾਂ ਵਿੱਚ ਕਈ ਖੂਹਾਂ ਨੂੰ ਉਪਰੋਂ ਤਾਂ ਬੰਦ ਵੀ ਕੀਤਾ ਗਿਆ ਹੈ। ਪਿੰਡ ਦੇ ਬਾਹਰ ਕਬਰਿਸਤਾਨ ਤੇ ਸਮਸ਼ਾਨ ਘਾਟ ਵੀ ਹੈ। ਸ੍ਰੀ ਭੱਠਾ ਸਾਹਿਬ ਦੇ ਆਸੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਬਣਨ ਨਾਲ ਇਥੇ ਹਰ ਵੇਲੇ ਰੌਣਕ ਮੇਲਾ ਲੱਗਿਆ ਰਹਿੰਦਾ ਹੈ।
ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਬਿਲਕੁਲ ਕੋਲੋਂ ਇੱਕ ਟਰੇਨ ਦੀ ਲਾਈਨ ਵੀ ਲੰਘਦੀ ਹੈ। ਜਿਥੇ ਦਿਨ ਵਿੱਚ ਕਈ ਵਾਰ ਫਾਟਕ ਬੰਦ ਹੋ ਜਾਂਦੇ ਹਨ, ਤੇ ਪਿੰਡ ਵਾਲਿਆਂ ਨੂੰ ਪਿੰਡ ਅੰਦਰ ਜਾਣ ਲਈ ਲਾਈਨ ਤੇ ਖੜ ਕੇ ਇੰਤਜਾਰ ਵੀ ਕਰਨਾ ਪੈਂਦਾ ਹੈ।
ਪਿੰਡ ਕੋਟਲਾ ਨਿਹੰਗ ਰੋਪੜ ਵਿੱਚ ਪੈਣ ਕਰਕੇ ਬਹੁਤ ਵੱਡਾ ਹੋ ਗਿਆ ਹੈ ਪਰ ਇਥੇ ਹਰ ਤਰ੍ਹਾਂ ਸਹੂਲਤਾਂ ਵੀ ਮਿਲ ਜਾਂਦੀਆਂ ਹਨ । ਸ੍ਰੀ ਭੱਠਾ ਸਾਹਿਬ ਗੁਰਦੁਆਰਾ ਹਾਈਵੇ ’ਤੇ ਹੋਣ ਕਰਕੇ ਇਥੇ ਹਰ ਰੋਜ਼ ਅਨੇਕਾਂ ਸ਼ਰਧਾਲੂ ਮੱਥਾ ਟੇਕਣ ਵੀ ਆਉਂਦੇ ਹਨ। ਇਥੇ ਹਸਪਤਾਲ ਵੀ ਨੇੜੇ ਹੀ ਮਿਲ ਜਾਂਦੇ ਹਨ, ਹੁਣ ਪਿੰਡ ਦੀ ਆਬਾਦੀ ਦਿਨ ਭਰ ਦਿਨ ਜ਼ਿਆਦਾ ਹੋਣ ਕਰਕੇ ਪਿੰਡ ਦੇ ਆਸੇ ਪਾਸੇ ਖੇਤਾਂ ਵਿੱਚ ਕਾਲੋਨੀਆਂ ਘੱਟ ਹੋ ਗਈਆਂ ਹਨ। ਜਿਸ ਕਰਕੇ ਕੋਟਲਾ ਨਿਹੰਗ ਪਿੰਡ ਦਾ ਘੇਰਾ ਵਿਸ਼ਾਲ ਹੋ ਗਿਆ ਹੈ।
ਕੋਟਲਾ ਨਿਹੰਗ ਪਿੰਡ ਦੇ ਨੇੜਿਓਂ ਇੱਕ ਨਦੀ ਵੀ ਨਿਕਲਦੀ ਹੈ, ਜਦ ਕਿਤੇ ਹੜ੍ਹ ਵਾਲੇ ਹਾਲਾਤ ਬਣ ਜਾਂਦੇ ਹਨ ਤਾਂ ਇਹ ਨਦੀ ਊਫਾਨ ’ਤੇ ਆ ਜਾਂਦੀ ਹੈ। ਨਦੀ ਦੇ ਨੇੜੇ ਭਾਵ ਨੀਵੀਂ ਜਗ੍ਹਾ ’ਤੇ ਬਣਾਏ ਘਰ ਖ਼ਾਲੀ ਕਰਨੇ ਪੈਂਦੇ ਹਨ ਕਿਉਂਕਿ ਖੇਤਾਂ ਵਿੱਚ ਪਾਣੀ ਜ਼ਿਆਦਾ ਖੜ੍ਹ ਜਾਂਦਾ ਹੈ ਤੇ ਘਰਾਂ ਦੇ ਡੁੱਬਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ । ਨਦੀ ਦੇ ਕੰਢੇ ਇੱਕ ਪੁਲਿਸ ਲਾਈਨ ਵੀ ਹੈ । ਇਥੇ ਇੱਕ ਬਿਜਲੀ ਘਰ ਵੀ ਹੈ।
ਦਹਾਕੇ ਪਹਿਲਾਂ ਜਦ ਹੜ੍ਹ ਆਏ ਤਾਂ ਨਦੀ ’ਚ ਪਾੜ ਪੈ ਜਾਣ ਕਰਕੇ ਇਥੇ ਬਹੁਤ ਨੁਕਸਾਨ ਹੋਇਆ ਸੀ। ਬਹੁਤ ਸਾਰੇ ਪਿੰਡ ਨਦੀ ਦੇ ਪਾੜ ਪੈਣ ਕਾਰਨ ਹੜ੍ਹ ਨਾਲ ਪ੍ਰਭਾਵਿਤ ਹੋਏ। ਨਦੀ ਦਾ ਪਾੜ ਪੈਣ ਤੇ ਸਾਰਾ ਪਾਣੀ ਦਾ ਵਹਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵੱਲ ਨੂੰ ਆਇਆ ਪਰ ਪ੍ਰਮਾਤਮਾ ਦੀ ਬਹੁਤ ਵੱਡੀ ਕ੍ਰਿਪਾ ਸਦਕਾ ਗੁਰਦੁਆਰੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਿਆ। ਇਸ ਨਦੀ ਦਾ ਪਾਣੀ ਸਾਰਾ ਅੰਗਰੇਜ਼ਾਂ ਦੁਆਰਾ ਬਣੀਆਂ ਨਹਿਰਾਂ ਵੱਲ ਨੂੰ ਹੋ ਗਿਆ ਸੀ। ਇਹ ਨਹਿਰਾਂ ਰੋਪੜ ਸ਼ਹਿਰ ਵਿੱਚ ਪੈਂਦੀਆਂ ਹਨ।
ਇਥੇ ਨੇੜੇ ਹੀ ਸਤੁਲਜ ਦਰਿਆ ਵੀ ਹੈ। ਦਰਿਆ ਦੇ ਕਿਨਾਰੇ ਇਤਿਹਾਸਿਕ ਗੁਰਦੁਆਰਾ ਟਿੱਬੀ ਸਾਹਿਬ ਟਿੱਬੀ ਤੇ ਸੋਸ਼ਭਿਤ ਹੈ।
ਇਸ ਪਿੰਡ ਦੀ ਖਾਸੀਅਤ ਇਹ ਹੈ ਇਥੇ ਹਰ ਗਲੀ ਪੱਕੀ ਮਿਲੇਗੀ। ਸਰਕਾਰੀ ਪਾਣੀ ਦੋ ਤਿੰਨ ਵਾਰ ਹਰ ਘਰ ਲਈ ਛੱਡਿਆ ਜਾਂਦਾ ਹੈ। ਬਿਜਲੀ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ। ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਦੀ ਸਮੱਸਿਆ ਹਰ ਘਰ ਨੂੰ ਝੇਲਣੀ ਪੈਂਦੀ ਹੈ। ਕਿਉਂਕਿ ਖੇਤਾਂ ਵਿੱਚ ਮੋਟਰਾਂ ਸਾਰਾ-ਸਾਰਾ ਦਿਨ ਖੇਤਾਂ ਨੂੰ ਪਾਣੀ ਲਗਾਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਤਾਂ ਪਿੰਡ ਵਿੱਚ ਸਾਰਿਆਂ ਦੇ ਘਰਾਂ ਪੱਕੇ ਹੋ ਚੁੱਕੇ ਹਨ ਕੋਈ ਘਰ ਕੱਚਾ ਨਜ਼ਰ ਨਹੀਂ ਆਵੇਗਾ।
ਸੋ, ਕਿਹਾ ਜਾ ਸਕਦਾ ਹੈ ਕਿ ਇਹ ਪਿੰਡ ਹੱੜਪਾ ਸੱਭਿਅਤਾ ਦੇ ਸਮੇਂ ਤੋਂ ਵੱਸਿਆ ਹੋਇਆ ਪਿੰਡ ਹੈ ਇਸ ਪਿੰਡ ਦਾ ਪੁਰਾਤਨ ਸਮਿਆਂ ਨਾਲ ਜੁੜੇ ਹੋਣਾ, ਤੇ ਦਸਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੋਣਾ, ਕਿਤੇ ਨਾ ਕਿਤੇ ਕੁਦਰਤ ਸਾਰੀ ਕਾਇਨਾਤ ਨੂੰ ਕੋਈ ਸੁਨੇਹਾ ਦਿੰਦੀ ਨਜ਼ਰ ਆ ਰਹੀ ਹੈ, ਜੋ ਸਾਡੀ ਅੰਤਰ ਆਤਮਾ ਨੂੰ ਸਮਝਣ ਦੀ ਲੋੜ ਹੈ।
ਬਲਜਿੰਦਰ ਕੌਰ ਸ਼ੇਰਗਿੱਲ







Village kotla nihag distt Roopnager right information
ReplyDelete