Tuesday, May 5, 2026

ਬਲਜਿੰਦਰ ਕੌਰ ਸ਼ੇਰਗਿੱਲ ਦੀ ਪਲੇਠੀ ਪੁਸਤਕ ‘‘ਆਖਿਰ ਕਦੋਂ ਤੱਕ’’ ਤੇ ਚਰਚਾ

 


ਬਲਜਿੰਦਰ ਕੌਰ ਸ਼ੇਰਗਿੱਲ ਦੀ ਪਲੇਠੀ ਪੁਸਤਕ ‘‘ਆਖਿਰ ਕਦੋਂ ਤੱਕ’’ ਤੇ ਚਰਚਾ



ਜਿਸ ਤਰ੍ਹਾਂ ਕਿਸਾਨ ਖੇਤ ਵਿਚ ਛਿੱਟਾ ਦੇ ਕੇ ਫ਼ਸਲ ਉਗਾਉਂਦਾ ਹੈ ਉਸੇ ਤਰ੍ਹਾਂ ਹੀ ਸਾਹਤਿਕ ਕਿਆਰੀ ਵਿਚ ਸ਼ਬਦਾਂ ਦਾ ਸੱਟਾ ਦੇ ਕੇ ਉਸਨੂੰ ਸਿਆਹੀ ਰੂਪੀ ਪਾਣੀ ਪਾ ਕੇ ਸਾਹਿਤਕ ਫ਼ਸਲ ਉਗਾਈ ਜਾਂਦੀ ਹੈ। ਦੇਖਿਆ ਜਾਵੇ ਤਾਂ ਹਰ ਜਣਾ ਖਣਾ ਸਾਹਿਤਕ ਖਤੇ ਦੇ ਵਿਚ ਕਦਮ ਨਹੀਂ ਰੱਖ ਸਕਦਾ। ਉਹਦੇ ਵਾਸਤੇ ਇਕ ਸੋਚ, ਸਮਝ ਗਿਆਨ, ਦੂਜੇ ਪ੍ਰਤੀ ਦਰਦ, ਕੁਦਰਤ ਤੇ ਕੁਦਰਤ ਦੇ ਜੀਵਾਂ ਨਾਲ ਮੋਹ, ਸਮਾਜ ਦੀ ਚਿੰਤਾ ਆਦਿ ਗੁਣਾਂ ਦਾ ਹੋਣਾ ਵੀ ਲਾਜ਼ਮੀ ਬਣ ਜਾਂਦਾ ਹੈ। ਜੋਕਿ ਪਰਮਾਤਮਾ ਹਰ ਇੱਕ ਨੂੰ ਨਹੀਂ ਬਖਸ਼ਦਾ। 


ਇਸ ਦਾ ਮਤਲਬ ਇਹ ਵੀ ਨਹੀਂ ਕਿ ਕਲਾ ਹਰ ਇਕ ਵਿਚ ਨਹੀਂ ਬਲਕਿ ਇਸ ਨੂੰ ਪਛਾਣਨ ਦੀ ਲੋੜ ਹੈ ਤੇ ਉਹ ਪਛਾਣ ਵਾਹਿਗੁਰੂ ਕਿਸੇ-ਕਿਸੇ ਨੂੰ ਹੀ ਕਰਾ ਸਕਦਾ ਹੈ। ਅਜਿਹੀ ਹੀ ਸਾਹਿਤਕ ਫ਼ਸਲ ਉਗਾਉਣ ਵਿਚ ਮਾਹਿਰ ਬਲਜਿੰਦਰ ਕੌਰ ਸ਼ੇਰਗਿੱਲ ਦਾ ਨਾਂ ਵੀ ਆਉਂਦਾ ਹੈ। ਬਲਜਿੰਦਰ ਕੌਰ ਸ਼ੇਰਗਿੱਲ ਇਕ ਅਜਿਹੀ ਹਸਤਾਖ਼ਰ ਹੈ ਜਿਸ ਵਿਚ ਕੁਦਰਤ ਨੇ ਇਹ ਸਾਰੇ ਗੁਣ ਭਰੇ ਵੀ ਹੋਏ ਹਨ ਤੇ ਉਨ੍ਹਾਂ ਦੀ ਪਛਾਣ ਵੀ ਵਾਹਿਗੁਰੂ ਨੇ ਕਰਵਾਈ ਹੈ। ਬਲਜਿੰਦਰ ਕੌਰ ਸ਼ੇਰਗਿੱਲ ਨੇ ਆਪਣੀ ਪਲੇਠੀ ਪੁਸਤਕ ‘ਆਖ਼ਿਰ ਕਦੋਂ ਤੱਕ’ ਨਾਲ ਸਾਹਿਤਕ ਖੇਤਰ ਵਿਚ ਆਪਣਾ ਕਦਮ ਧਰਿਆ ਹੈ ਤੇ ਉਸ ਦਾ ਇਹ ਕਦਮ ਮੁਬਾਰਕ ਵੀ ਸਿੱਧ ਹੋਇਆ ਹੈ।

ਜੇਕਰ ਬਲਜਿੰਦਰ ਕੌਰ ਸ਼ੇਰਗਿੱਲ ਦੀ ਗੱਲ ਕਰੀਏ ਤਾਂ ਉਹ ਸਾਹਿਤਕ ਦੀ ਸਿਰਜਣਾ ਵਿਚ ਪੰਛੀਆਂ ਲਈ, ਕੁਦਰਤ ਦੀ ਬਖ਼ਸ਼ੀ ਦਾਤ ਦੇ ਦੁਰਉਪਯੋਗ , ਗਵਾਚਦੀਆਂ ਜਾ ਰਹੀਆਂ ਪੁਰਾਤਨ ਵਸਤਾਂ ਵਾਸਤੇ ਚਿੰਤਾ ਸਾਫ਼ ਝਲਕਦੀ ਨਜ਼ਰੀ ਪੈਂਦੀ  ਹੈ। ਉਹ ਸਮਾਜ ਵਿਚ ਔਰਤ ਨਾਲ ਦੁਰਵਿਵਹਾਰ ਤੋਂ ਵੀ ਖਾਸਾ ਦੁਖੀ ਦਿਖਾਈ ਦਿੰਦੀ ਹੈ। 

ਉਹ ਖੁਦ ਔਰਤ ਹੋਣ ਦੇ ਨਾਤੇ ਔਰਤ ਦਾ ਦੁੱਖ ਦਰਦ ਸਮਝਦੀ ਹੈ। ਉਹਦੇ ਅੰਦਰੋਂ ਪੈਦਾ ਹੋ ਰਹੇ ਹਾਲਤ ਇੱਕ ਚੀਸ ਬਣ ਕੇ ਉਠਦੇ ਹਨ ਤੇ ਉਹ ਆਪਣੀ ਮਾਨਸਿਕ ਪੀੜਾ ਦਾ ਬਿਆਨ ਕਰਨ ਲਈ ਉਹ ਕਲਮ ਦਾ ਸਹਾਰਾ ਲੈਂਦੀ ਹੈ। 

ਬਲਜਿੰਦਰ ਦਾ ਮੰਨਣਾ ਹੈ ਕਿ ਉਸਦਾ ਲੇਖਣੀ ਦਾ ਸ਼ੌਕ ਉਸ ਨੂੰ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦਿਆ ਪਿਆ। ਆਪਣੀ ਮਿੱਟੀ ਆਪਣੀ ਮਾਤ ਭਾਸ਼ਾ ਨਾਲ ਅੰਤਾਂ ਦਾ ਮੋਹ ਰੱਖਣ ਵਾਲੀ ਬਲਜਿੰਦਰ ਇਸ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਹ ਪ੍ਰਕਿਰਤੀ ਨਾਲ ਜੁੜ ਕੇ ਸਮਾਜ ਨੂੰ ਨਰੋਆ ਤੇ ਸੁਚੱਜਾ ਬਣਾਉਣ ਦੀ ਚਾਹਵਾਨ ਹੈ। ਉਹ ਚਾਹੁੰਦੀ ਹੈ ਕਿ ਪ੍ਰਕਿਰਤੀ ਨਾਲ ਜੁੜ ਕੇ ਆਪਣੀ ਕਲਮ ਦੇ ਜਰੀਏ ਐਸੀ ਸਾਹਿਤਕ ਫ਼ਸਲ ਉਗਾਏ ਜਿਸ ਨਾਲ ਕਿ ਸਮਾਜ, ਵਾਤਾਵਰਣ ਤੇ ਸੱਭਿਆਚਾਰ ਨਰੋਆ ਬਣ ਸਕੇ।  

ਬਲਜਿੰਦਰ ਦੀ ਪਲੇਠੀ  ਪੁਸਤਕ ‘‘ਆਖਿਰ ਕਦੋਂ ਤੱਕ’’ ਉਸਦੇ ਪਿਤਾ ਸ੍ਰ ਤਰਸੇਮ ਸਿੰਘ ਤੇ ਮਾਤਾ ਸਵਰਨ ਕੌਰ ਨੂੰ ਸਮਰਪਿਤ ਹੈ। ਇਸ ਦੇ ਪ੍ਰਕਾਸ਼ਕ ਸ਼ਹੀਦ ਭਗਤ ਸਿੰਘ ਪ੍ਰਕਾਸ਼ਨ ਸ੍ਰੀ ਮੁਕਤਸਰ ਰੋਡ, ਸਾਦਿਕ ਫਰੀਦਕੋਟ, ਪੰਜਾਬ ਹਨ। 

ਬਲਜਿੰਦਰ ਨੇ ਆਪਣੀ ਪਲੇਠੀ ਪੁਸਤਕ ਵਿਚ ਸਾਡੀ ਸੱਭਿਅਤਾ ਦਾ ਹਿੱਸਾ ਮਿੱਟੀ ਦੇ ਬਰਤਨ, ਪੁਰਾਣੇ ਸਮੇਂ ਦੀ ਦੇਣ ਮੁਲਤਾਨੀ ਮਿੱਟੀ, ਕਿੱਧਰ ਗਈਆਂ ਚਿੜੀਆਂ, ਸੈਲਫੋਨ ਦੀ ਲਪੇਟ ਵਿਚ ਹਰ ਇਨਸਾਨ, ਡੇਂਗੂ ਮੱਛਰ, ਛਾਂ ਨਹੀਂ ਲੱਭਦੀ, ਵਾਤਾਵਰਣ ’ਚ ਵੱਧਦਾ ਪ੍ਰਦੂਸ਼ਣ, ਪਾਣੀ ਹੋ ਰਹੀ ਬਰਬਾਦੀ, ਕਿਉਂ ਹੁੰਦੀਆਂ ਸਕੂਲੀ ਬੱਸਾਂ ਹਾਦਸਿਆਂ ਦਾ ਸ਼ਿਕਾਰ ਆਦਿ ਵਿਸ਼ੇ ਛੋਹੇ ਹਨ। ਇਸ ਦੇ ਨਾਲ ਹੀ ਉਸ ਨੇ ਤਿਉਹਾਰਾਂ ਨਾਲ ਸੰਬੰਧਿਤ ਵਿਸ਼ੇ ਨੂੰ ਛੋਹ ਕੇ ਲਿਖੇ ਲੇਖ ਆਪਣੀ ਪਲੇਠੀ ਪੁਸਤਕ ਦਾ ਹਿੱਸਾ ਬਣਾਏ ਹਨ। 

ਬਲਜਿੰਦਰ ਕੌਰ ਕੇਵਲ ਲੇਖ ਹੀ ਨਹੀਂ ਲਿਖਦੀ ਉਸ ਨੇ ਮਿੰਨੀ ਕਹਾਣੀਆਂ ਤੇ ਕਾਵਿ ਸਿਰਜਣਾ ਵਿਚ ਵੀ ਹੱਥ ਅਜਮਾਈ ਕੀਤੀ ਹੈ ਤੇ ਆਪਣੀ ਇਸ ਪਲੇਠੀ ਪੁਸਤਕ ਵਿਚ ਆਪਣੀ ਸੂਝ ਮੁਤਾਬਕ ਸਥਾਨ ਦਿੱਤਾ ਹੈ। ਬਲਜਿੰਦਰ ਕੌਰ ਸ਼ੇਰਗਿੱਲ ਦੀ ਇਸ ਪਲੇਠੀ ਪੁਸਤਕ ਨੂੰ ਖੁਸ਼ਾਮਦੀਦ।

ਚਰਚਾ ਕਰਤਾ ਪਰਸ਼ੋਤਮ ਲਾਲ ਸਰੋਏ

ਫੋਨ ਨੰਬਰ 9217544348


5 comments:

  1. ਪਲੇਠੀ ਪੁਸਤਕ ਦੀਆਂ ਵਧਾਈਆਂ

    ReplyDelete
  2. ਬਹੁਤ ਹੀ ਵਧੀਆ ਜੀ ਤੇ ਪਲੇਠੀ ਪੁਸਤਕ ਦੀ ਬਹੁਤ ਬਹੁਤ ਮੁਬਾਰਕਾਂ 🙏🏻

    ReplyDelete

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...