ਸਾਈਕਲਾਂ ਵਾਲੀ ਦਰੀ
ਪੰਜਾਬੀਆਂ ਦੇ ਵਿਰਸੇ ਦਾ ਹਿੱਸਾ ਮੰਨੀ ਜਾਣ ਵਾਲੀ ਦਰੀ ਅੱਜ ਦੇ ਦੌਰ ਨਾਲ ਭਾਵੇਂ ਨਜ਼ਰ ਨਹੀਂ ਆ ਰਹੀ ਪਰੰਤੂ ਜੇਕਰ ਕੁਝ ਦਹਾਕੇ ਪਿੱਛੇ ਝਾਤ ਮਾਰੀਏ ਤਾਂ ਸਾਡਾ ਵਿਰਸਾ ਕਿੰਨਾ ਸੋਹਣਾ ਕਿੰਨਾ ਮਹਾਨ ਸੀ ਇਹ ਬਾਖੂਬੀ ਨਜ਼ਰ ਆ ਜਾਂਦਾ ਹੈ। ਦੌਰ ਪੁਰਾਣੇ ਵਿੱਚ ਕਿੰਨਾ ਸਕੂਨ ਕਿੰਨਾ ਪਿਆਰ ਕਿੰਨਾ ਠਹਿਰਾਓ ਸੀ ਇਹ ਤਾਂ ਸਾਡੇ ਪੂਰਵਜਾਂ ਤੋਂ ਹੀ ਪਤਾ ਲੱਗਦਾ ਹੈ ਜਦੋਂ ਅਸੀਂ ਉਸ ਦੌਰ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਯਕੀਨ ਹੁੰਦਾ ਹੈ ਕਿ ਉਨ੍ਹਾਂ ਅੰਦਰ ਵੀ ਇੱਕ ਅਨੋਖੀ ਕਲਾ ਹੁੰਦੀ ਸੀ।
ਜਿਥੇ ਅੱਜ ਦੇ ਬੱਚਿਆਂ ਨੂੰ ਦਰੀ ਬਾਰੇ ਕੁਝ ਵੀ ਗਿਆਨ ਨਹੀਂ ਹੈ। ਇਸ ਦਾ ਕਾਰਨ ਟੈਕਨਾਲੋਜੀ ਹੈ ਜਿਸ ਨੇ ਬਦਲਦੇ ਦੌਰ ਦੇ ਨਾਲ ਦਰੀਆਂ ਨੂੰ ਬਹੁਤ ਪਿੱਛੇ ਧਕੇਲ ਦਿੱਤਾ ਹੈ। ਪਰ ਕਹਿੰਦੇ ਨੇ ਸਮੇਂ ’ਚ ਪਰਿਵਰਤਨ ਆਉਣਾ ਕੁਦਰਤ ਦਾ ਨਿਯਮ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ ਪਰੰਤੂ ਇਨ੍ਹਾਂ ਅਦਿੱਖ ਯਾਦਾਂ ਦਾ ਸੁਮੇਲ ਹੋਣਾ ਅਤਿ ਜ਼ਰੂਰੀ ਹੁੰਦਾ ਹੈ।
ਗੱਲ 1975 ਦੀ ਹੈ ਜਦੋਂ ਆਮ ਹੀ ਘਰਾਂ ਵਿੱਚ ਕੁੜੀਆਂ ਕੁਝ ਨਾ ਕੁਝ ਨਮੂਨੇ ਤਿਆਰ ਕਰਦੀਆਂ ਰਹਿੰਦੀਆਂ ਸਨ ਤਾਂ ਕਿ ਉਹ ਆਪਣੇ ਵਿਆਹ ਵਿਚ ਦਹੇਜ ਦਾ ਸਮਾਨ ਖੁਦ ਆਪਣੇ ਹੱਥੀਂ ਬਣਾ ਕੇ ਲਿਜਾ ਸਕਣ।
ਗੱਲ ਪਿੰਡ ਇੱਕਲਾਹੇ (ਜ਼ਿਲ੍ਹਾ ਖੰਨਾ, ਪੰਜਾਬ ) ਦੀ ਧੀ ਸਵਰਨ ਕੌਰ ਨੇ ਵੀ ਆਪਣੇ ਲਈ ਕੁੱਝ ਨਮੂਨੇ ਤਿਆਰ ਕੀਤੇ ਸਨ। ਉਨ੍ਹਾਂ ਨੇ ਆਪਣੇ ਦਹੇਜ ’ਚ ਲਿਜਾਣ ਲਈ ਇੱਕ ਸਾਈਕਲਾਂ ਵਾਲੀ ਦਰੀ ਆਪਣੇ ਹੱਥੀਂ ਤਿਆਰ ਕੀਤੀ ਸੀ। ਉਹ ਅਜਿਹਾ ਦੌਰ ਸੀ ਕਿ ਬਿਜਲੀ ਦੀ ਸਪਲਾਈ ਘਰਾਂ ਵਿੱਚ ਘੱਟ ਹੀ ਹੁੰਦੀ ਸੀ ਜ਼ਿਆਦਾਤਰ ਲੋਕੀਂ ਦੀਵਾ ਜਾਂ ਲਾਲਟਨ ਦੀ ਰੌਸ਼ਨੀ ਵਿੱਚ ਹੀ ਆਪਣਾ ਕੰਮ ਕਰਦੇ ਸਨ।
ਇਸੇ ਤਰ੍ਹਾਂ ਸਵਰਨ ਕੌਰ ਵੀ ਆਪਣੇ ਹੁਨਰ ਲਈ ਇਨ੍ਹਾਂ ਦੀਵਿਆਂ ਦੀ ਵਰਤੋਂ ਕਰਦੀ ਹੁੰਦੀ ਸੀ। ਜਦੋਂ ਸਵਰਨ ਕੌਰ ਇਹ ਦਰੀ ਬੁਣਦੀ ਉਨ੍ਹਾਂ ਦੇ ਪਿਤਾ ਨੰਤ ਰਾਮ ਦੇਖਦੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਦਾ ਟਿਕਾਣਾ ਨਾ ਰਹਿੰਦਾ। ਉਹ ਅਕਸਰ ਕਹਿੰਦੇ ਰਹਿੰਦੇ ਸੀ ਕਿ ਇਸੇ ਨੇ ਤਾਂ ਦੀਵੇ ਦੀ ਰੌਸ਼ਨੀ ’ਚ ਦਰੀ ਪੂਰੀ ਕਰ ਲੈਣੀ ਹੈ।
ਵਾਕਿਆ ਹੀ ਕੁਝ ਅਜਿਹੇ ਹਾਲਾਤ ਹੁੰਦੇ ਸੀ ਕਿ ਦਰੀ ਬੁਣਦੇ ਹੋਇਆ ਦੇਖ ਉਨ੍ਹਾਂ ਦੇ ਪਿਤਾ ਨੰਤ ਰਾਮ ਬੇਹੱਦ ਖੁਸ਼ੀ ਹੁੰਦੀ ਸੀ। ਪਿਤਾ ਆਪਣੀ ਧੀ ਸਵਰਨ ਕੌਰ ਨੂੰ ਦਰੀ ਬੁਣਦੇ ਦੇਖ ਕੇ ਸ਼ਾਮ ਦੀ ਚਾਹ ਦਾ ਗਿਲਾਸ ਦਰੀ ’ਤੇ ਬੈਠੀ ਨੂੰ ਹੀ ਦੇ ਜਾਂਦੇ, ਕਿਉਂਕਿ ਨੰਤ ਰਾਮ ਨੂੰ ਅੰਦਰੋ ਅੰਦਰੀ ਬੇਹੱਦ ਖੁਸ਼ੀ ਹੁੰਦੀ ਸੀ ਕਿ ਉਨ੍ਹਾਂ ਦੀ ਧੀ ਅਨੋਖਾ ਨਮੂਨਾ ਤਿਆਰ ਕਰ ਰਹੀ ਹੈ।
ਸਵਰਨ ਕੌਰ ਨੂੰ ਵੀ ਆਪਣੇ ਪਿਤਾ (ਭਾਈ) ਦੀ ਇਸ ਖੁਸ਼ੀ ਦਾ ਅਹਿਸਾਸ ਤੋਂ ਵਾਕਫ ਸੀ।
ਇਹ ਜਗਜਨਣੀ ਹੋਰ ਕੋਈ ਨਹੀਂ ਇਹ ਮੇਰੀ (ਬਲਜਿੰਦਰ ਕੌਰ ਸ਼ੇਰਗਿੱਲ) ਮਾਂ ਸਵਰਨ ਕੌਰ ਹੈ ਇਨ੍ਹਾਂ ਦੀ ਕਲਾ ਤੋਂ ਮੈਂ ਬਚਪਨ ਤੋਂ ਜਾਣੂੰ ਹਾਂ।
ਮਾਂ ਦੇ ਨਮੂਨੇ ਦੇਖ ਮੈਂ ਮਾਂ ਕੋਲੋਂ ਬਹੁਤ ਸਾਰੇ ਸਵਾਲ ਪੁੱਛਦੀ ਰਹਿੰਦੀ।
ਉਨ੍ਹਾਂ ਦੱਸਿਆ, ‘‘ਇਹ ਦਰੀ ਇੱਕ ਖਾਸ ਨਮੂਨਾ ਹੈ ਜੋ ਕਿ ਉਨ੍ਹਾਂ ਨੇ ਇੱਕ ਹਫ਼ਤੇ ’ਚ ਬਣਾਈ ਸੀ।’’
‘‘ਇਹ ਸੱਤ ਰੰਗ ਧਾਗਿਆਂ ਨਾਲ ਬਣਾਈ ਹੋਈ ਹੈ। ਇਸ ਨੂੰ ਬੁਨਣ ਲਈ ਇੱਕ ਹਫ਼ਤੇ ਦਾ ਸਮਾਂ ਲੱਗਿਆ ਸੀ। ਇਹ ਉਨ੍ਹਾਂ ਦੀ ਦੂਜੀ ਦਰੀ ਸੀ।’’
‘‘ਇਹ ਦਰੀ ਤਿੰਨ ਕਿੱਲੋ ਸੂਤ ਨਾਲ ਤਿਆਰ ਕੀਤੀ ਹੋਈ ਹੈ, ਹਰ ਰੰਗ ਲਈ ਪਾਈਆ ਸੂਤ ਰੰਗਿਆ ਵੀ ਜਾਂਦਾ ਸੀ।’’
‘‘ਇਸ ਦੇ ਤਾਣੇ ਉੱਤੇ ਅੱਧਾ ਕਿੱਲੋ ਡੋਰ ਲੱਗੀ ਸੀ। ਇਹ ਦਰੀ ਗਰਮੀਆਂ ਦੇ ਦਿਨਾਂ ਦੇ ਅੰਦਰ ਤਿਆਰ ਕੀਤੀ ਸੀ।’’
ਸਰਵਨ ਕੌਰ ਮੇਰੀ ਮਾਂ ਨੂੰ ਇਸ ਦਰੀ ਨਾਲ ਬਹੁਤ ਲਗਾਵ ਹੈ।
ਉਨ੍ਹਾਂ ਇਹ ਸਾਈਕਲਾਂ ਵਾਲੀ ਦਰੀ ਆਪਣੇ ਕੋਲ ਅੱਜ ਵੀ ਸੰਭਾਲ ਕੇ ਰੱਖੀ। ਇਸ ਦਰੀ ਨਾਲ ਉਨ੍ਹਾਂ ਦਾ ਇੰਨਾ ਮੋਹ ਤੇ ਪਿਆਰ ਹੈ ਕਿ ਉਹ ਅੱਜ ਵੀ ਆਪਣੇ ਭਾਈ (ਪਿਤਾ) ਦਾ ਪਿਆਰ ਵੀ ਝਲਕਦਾ ਦੇਖਦੀ ਨੇ।
ਸਵਰਨ ਕੌਰ ਕੋਲ ਹੱਥੀਂ ਹੁਨਰ ਹੋਣ ਕਰਕੇ ਉਹ ਬਜ਼ੁਰਗ ਹੋਣ ਦੇ ਬਵਾਜੂਦ ਵੀ ਉੱਨ ਨਾਲ ਕੁੱਝ ਨਾ ਕੁੱਝ ਬੁਣਤੀਆਂ ਤਿਆਰੀ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਅੰਦਰ ਦੀ ਕਲਾ ਅੱਜ ਵੀ ਮੌਜੂਦ ਹੈ ਉਨ੍ਹਾਂ ਦੇ ਉਮਰ ਦੇ ਤਕਾਜ਼ੇ ਨਾਲ ਭਾਵੇਂ ਉਨ੍ਹਾਂ ਤੋਂ ਪਹਿਲਾਂ ਵਰਗਾ ਕੰਮ ਨਹੀਂ ਹੁੰਦਾ ਪਰ ਉਹਨਾਂ ਨੂੰ ਦਰੀਆਂ ਦੇ ਨਮੂਨਿਆਂ ਦੀ ਯਾਦ ਅੱਜ ਵੀ ਤਾਜ਼ਾ ਹੈ।
ਸਾਡੇ ਵਿਰਸੇ ਦੀ ਪਹਿਚਾਣ ਦਰੀ ਅੱਜ ਵੀ ਉਨੀ ਹੀ ਸੋਹਣੀ ਲੱਗਦੀ ਹੈ ਜਿੰਨੀ ਕਿ ਦਹਾਕੇ ਪਹਿਲਾਂ ਹੋਇਆ ਕਰਦੀ ਸੀ ਅੱਜ ਇਸ ਦਰੀ ਨੂੰ ਦੇਖਦੇ ਹੀ ਪਤਾ ਚੱਲਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਹੀ ਅਮੀਰ ਹੁੰਦਾ ਸੀ। ਉਹ ਸਮਾਂ ਭਾਵੇਂ ਗਰੀਬੀ ਦਾ ਰਿਹਾ ਸੀ, ਪਰੰਤੂ ਉਸ ਦੇ ਆਪਸੀ ਤਾਲਮੇਲ ਤੇ ਕਿੰਨੀ ਪਰਿਵਾਰਕ ਸਾਂਝ ਹੁੰਦੀ ਸੀ ਇਹ ਦਰੀ ਆਪਣੇ ਆਪ ’ਚ ਦੱਸ ਰਹੀ ਹੈ। ਇਹ ਨਮੂਨਾ ਨਹੀਂ ਇੱਕ ਖ਼ਜ਼ਾਨਾ ਕਿਹਾ ਜਾ ਸਕਦਾ ਹੈ ਜੋ ਕਿ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਕੋਲ ਹੁੰਦਾ ਸੀ।
ਅੱਜ ਲੋਕਾਂ ਕੋਲ ਜਿਹੜੇ ਖਜ਼ਾਨੇ ਪਏ ਹਨ ਉਨ੍ਹਾਂ ਦਾ ਮੁੱਲ ਕੀ ਪੈਣਾ ਹੈ ਇਹ ਤਾਂ ਸਮਾਂ ਦੱਸੇਗਾ। ਪਰ ਜੋ ਖਜ਼ਾਨਾ ਦਹਾਕੇ ਪਹਿਲਾਂ ਤੋਂ ਸਭ ਵਿਰਸੇ ਵਿਚ ਹੈ ਉਸ ਨੂੰ ਸੰਭਾਲਣ ਦੀ ਲੋੜ ਹੈ।
ਬਲਜਿੰਦਰ ਕੌਰ ਸ਼ੇਰਗਿੱਲ

No comments:
Post a Comment