Monday, June 1, 2026

ਲਿਖਦੇ- ਲਿਖਦੇ

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਵੀ, ਮਿਟ ਜਾਣਾ,
ਜਦ ਵਿੱਚ ਰਾਖ ਦੇ ਇਸ ਕਲਬੂਤ ਨੇ ਲੁੱਕ ਜਾਣਾ।

ਅਸਾਂ ਵਾਂਗ ਪਰਿੰਦਿਆਂ, ਮਾਰ ਉਡਾਰੀ ਉੱਡ ਜਾਣਾ,
ਛੱਡ ਆਲ੍ਹਣੇ ਦਾਣਾ ਪਾਣੀ, ਹੋ ਏਥੋਂ ਚੁੱਕ ਜਾਣਾ।

ਲਾਈ ਇਸ਼ਕ ਦੀ ਬਾਜ਼ੀ ’ਤੇ ਉਦੋਂ ਹੀ ਜਿੱਤ ਹੋਣੀ,
ਜਦ ਆਉਣ ਜਾਣ ਦਾ ਗੇੜ, ਵੀ ਸਾਡਾ ਰੁੱਕ ਜਾਣਾ।

ਸਤਰੰਗੀ ਪੀਂਘ ਵੀ ਝੂਟਦੇ ਰਹੇ, ਅਸੀਂ ਦੁਨੀਆਂ ’ਤੇ,
ਮੋਰਾਂ ਵਾਂਗ ਜੋ ਪੰਖ ਫ਼ੈਲਾਏ, ਇਨ੍ਹਾਂ ਵੀ ਸੁੱਕ ਜਾਣਾ।

ਅਸਾਂ ਧਰਤੀ ਮਾਂ ਦੀ ਬੁਕੱਲ ਵਿੱਚ ਜਾ ਸੌ ਜਾਣਾ,
ਵਿੱਚ ਚਿਖਾ ਦੇ ਸੜ ਕੇ ਹੋ ਮਿੱਟੀ ਦਾ ਬੁੱਕ ਜਾਣਾ।

" ਬਲਜਿੰਦਰ" ਦਰ ਸਾਈਆਂ ਦੇ ਸਭ ਨੂੰ ਜਾਣਾ ਪੈਣਾ ਏ,
ਜਦੋਂ ਇਸ ਦੁਨੀਆਂ ਤੋਂ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ


No comments:

Post a Comment

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...