Monday, April 6, 2026

ਗੁਵਾਚਿਆ ਹੀਰਾ ( ਕਹਾਣੀ)


ਗੁਵਾਚਿਆ ਹੀਰਾ  ( ਕਹਾਣੀ) 

ਸੂਰਜ ਚਮਕ ਰਿਹਾ ਸੀ ਦਿਨ ਚੜ੍ਹ ਚੁੱਕਾ ਸੀ | ਘਰ ਵਿਚ ਸਭ ਆਪੋਂ ਆਪਣੇ ਤਰੀਕੇ ਨਾਲ ਉਠਦੇ ਗਏ | ਘਰ ਦਾ ਮਾਲਕ ਵੀ ਉਠਿਆ ਅਤੇ ਹਰ ਰੋਜ਼ ਦੀ ਤਰ੍ਹਾਂ ਘਰ ਦੇ ਨਜ਼ਦੀਕ ਹੀ ਸੈਰ ਕਰਨ ਜਾਇਆ ਕਰਦਾ ਸੀ | ਅੱਜ ਵੀ ਉਠਿਆ ਤੇ ਸੈਰ ਨੂੰ ਚੱਲ ਪਿਆ | ਮਾਲਕ ਦੀ ਆਪਣੇ ਘਰ ਨਜ਼ਦੀਕ ਸੜਕ ਦੇ ਕਿਨਾਰੇ ਸੈਰ ਕਰਨਾ ਆਮ ਜਿਹੀ ਹੀ ਗੱਲ ਬਣੀ ਹੋਈ ਸੀ | ਥੋੜੀ ਦੇਰ ਆਲੇ ਦੁਆਲੇ ਸੜਕ ਕਿਨਾਰੇ -ਕਿਨਾਰੇ ਚੱਕਰ ਲਗਾਉਣ ਤੋਂ ਬਾਅਦ ਵਾਪਸ ਘਰ ਨੂੰ ਆ ਗਿਆ | ਬਸ ਕੁਝ ਦੇਰ ਹੀ ਘਰ ਵੜੇ ਨੂੰ ਹੋਈ ਸੀ ਕਿ ਆਪਣੀ ਉਂਗਲ ਵੱਲ ਧਿਆਨ ਗਿਆ | ਉਂਗਲ ਵਿਚ ਪਾਈ ਅੰਗੂਠੀ ਵਿਚ ਹੀਰਾ ਨਜ਼ਰ ਨਾ ਪਿਆ ਤਾਂ ਉਸਦੇ ਹੋਸ਼ ਉਠ ਗਏ |




 ਘਬਰਾਇਆ-ਘਬਰਾਇਆ ਆਪਣੀ ਘਰਵਾਲੀ ਨੂੰ ਦੱਸਣ ਲੱਗਾ ਮਾਂ ਵੀ ਲਾਗੇ ਆ ਗਈ, ਕਿ ਸਵੇਰੇ- ਸਵੇਰੇ ਕੀ ਹੋ ਗਿਆ ਹੈ | ਹੋਣਾ ਕੀ ਸੀ ਲੱਖਾਂ ਰੁਪਇਆ ਦਾ ਹੀਰਾ ਦਿਨ ਚੜ੍ਹਦਿਆਂ ਹੀ ਗਾਇਬ ਹੋ ਚੁੱਕਾ ਸੀ| ਘਰਦਿਆਂ ਦੇ ਸਾਹ ਸੁੱਕ ਗਏ | ਹੁਣ ਸਿਰਫ਼ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਕਿਥੇ-ਕਿਥੇ ਤਕ ਸੈਰ ਕੀਤੀ ਹੋਵੇਗੀ | ਕਿਸ ਰਸਤੇ ਰਾਹੀਂ ਘਰਾਂ ਨੂੰ ਆਇਆ | ਸਭ ਕੁਝ ਭੁੱਲ ਕੇ ਗੁਵਾਚਿਆ ਹੀਰਾ ਲੱ ਭਣ ਲੱਗ ਪਿਆ | ਮਾਲਕ ਨੂੰ ਕੀ ਪਤਾ ਨਹੀਂ ਸੀ ਕਿ ਸੈਰ ਇੰਨੀ ਮਹਿੰਗੀ ਪੈ ਜਾਣੀ ਹੈ | ਕੁਝ ਦਿਨਾਂ ਤੋਂ ਉਂਗਲ 'ਚ ਪਾਈ ਅੰਗੂਠੀ ਦਾ ਹੀਰਾ ਢਿੱਲਾ ਜਿਹਾ ਸੀ | ਪਰ ਉਹ ਹੀਰਾ ਇੰਝ ਨਿਕਲ ਕੇ ਡਿੱਗ ਜਾਵੇਗਾ ਇਸ ਦਾ ਅੰਦਾਜ਼ਾ ਮਾਲਕ ਨੂੰ  ਨਹੀਂ ਸੀ |

ਘਰਵਾਲੀ ਦੀ ਪ੍ਰੇਸ਼ਾਨੀ ਸਭ ਤੋਂ ਵੱਧ ਜਾਪ ਰਾਹੀ ਸੀ | ਉਸਨੇ ਆਪਣੇ ਬੈਡਰੂਮ ਦਾ ਕੋਨਾ- ਕੋਨਾ ਫਾਰੋਲ ਮਾਰਿਆ | ਪਰ ਹੀਰੇ ਦੀ ਚਮਕ ਕੀਤੇ ਨਜ਼ਰ ਨਾ ਪਈ | ਉਸ ਨੇ ਆਪਣੇ ਘਰਵਾਲੇ ਤੋਂ ਪੁਛਿਆ ਕਿ 'ਤੁਹਾਨੂੰ ਕੀ ਲੱਗਦਾ ਹੈ ਕਿ ਹੀਰਾ ਕਿਥੇ ਡਿੱਗਿਆ ਹੋਣਾ' | ਬੇਚੈਨ ਮਾਲਕ ਦੱਸਣ ਲੱਗਾ ਕਿ ਬਾਹਰ ਕੀਤੇ ਡਿੱਗਿਆ ਹੈ | ਕਿਉਂਕਿ ਸਵੇਰੇ ਉੱਠਣ ਤੋਂ ਪਹਿਲਾਂ ਹੀਰਾ ਉਸ ਨੇ ਹੱਥ ਵਿੱਚ ਦੇਖਿਆ ਸੀ | ਪਤੀ ਤੋਂ ਪੁੱਛ ਮਾਲਕਣ ਵੀ ਉਹਨਾਂ ਰਸਤਿਆਂ ਉਤੇ ਨਜ਼ਰ ਮਾਰਨ ਚੱਲ ਪਈ | ਕੋਈ ਘਰ ਦੇ ਬਾਹਰ ਪੱਤਿਆਂ ਦੇ ਹੇਠਾਂ ਦੇਖੇ ਤੇ ਕਦੇ ਮਾਂ ਘਰ ਦੇ ਬਾਹਰ ਪਏ ਮਾੜੇ ਮੋਟੇ ਬਜਰੀ ਕੰਕਰ ਨੂੰ ਇੱਧਰ ਉਧਰ ਕਰ ਦੇਖੇ |

ਕਰਦੇ ਕਰਾਉਂਦੇ ਦਿਨ ਅੱਧਾ ਬੀਤ ਗਿਆ ਪਰ ਕਿਸੇ ਨੂੰ ਸੁੱਖ ਦਾ ਸਾਹ ਅਜੇ ਵੀ ਨਹੀਂ ਸੀ ਆ ਰਿਹਾ | ਸਭ ਦਾ ਖਾਣਾ ਪੀਣਾ ਭੁੱਲ ਧਿਆਨ ਹੀਰੇ ਨੂੰ  ਲੱਭਣ 'ਚ ਲੱਗਿਆ ਹੋਇਆ ਸੀ | ਬੱਚੇ ਵੀ ਆਪੋ ਆਪਣੇ ਤਰੀਕੇ ਨਾਲ ਘਰ ਦੇ ਕੋਨੇ-ਕੋਨੇ ਨੂੰ  ਦੇਖ ਰਹੇ ਸਨ | ਘਰ ਵਿਚ ਆਉਣ ਜਾਣਾ ਵਾਲਾ ਹਰ ਕੋਈ ਹੀਰਾ ਲੱਭਣ 'ਚ ਲੱਗ ਗਿਆ |

ਆਖਿਰਕਾਰ ਤਿੰਨ ਚਾਰ ਵੱਜ ਗਏ ਹੀਰਾ ਤਾਂ ਹੀਰਾ ਕਿਸੇ ਪਾਸੇ ਕੋਈ ਚਮਕਦੀ ਚੀਜ਼ ਵੀ ਦਿਖਾਈ ਨਾ ਪਈ | ਕਦੇ ਘਰਵਾਲੀ ਸੋਚਦੀ ਕਿ ਐੱਮਸੀ ਨੂੰ ਕਹਿ ਕੇ ਕੁਝ ਆਲੇ ਦੁਆਲੇ ਦੀ ਸਫ਼ਾਈ ਕਰ ਕੂੜੇ ਦਾ ਢੇਰ ਲਗਾ ਲੈਂਦੇ ਹਾਂ | ਜੋ ਮਾੜਾ ਮੋਟਾ ਕੂੜਾ ਬਾਹਰ ਇੱਕਠਾ ਹੋਵੇਗਾ ਉਸ ਨੂੰ  ਕਿਸੇ ਨੌਕਰ ਕੋਲੋ ਹੌਲੀ -ਹੌਲੀ ਸਾਫ਼ ਕਰਵਾ ਲਵਾਂਗੇ, ਪਰ ਮਾਲਕ ਨਾ ਮੰਨਿਆ | ਸਭ ਨੇ ਆਪਣੇ -ਆਪਣੇ ਤਰੀਕੇ ਨਾਲ ਜ਼ੋਰ ਲਗਾ ਥੱਕ ਚੁੱਕੇ ਸਨ | ਪਰ ਗੁਵਾਚਿਆ ਹੀਰਾ ਖਰ੍ਹੇ ਕਿਥੇ ਪਿਆ ਹੈ ਕੁਝ ਨਾ ਪਤਾ ਲੱਗਾ | ਅੱਜ ਇੰਝ ਮਹਿਸੂਸ ਹੋਇਆ ਜਿਵੇਂ ਸਾਰਿਆਂ ਦੀਆਂ ਅੱਖਾਂ 'ਚ ਚਾਨਣ ਨੇ ਹਨ੍ਹੇਰਾ ਪਾ ਦਿੱਤਾ ਹੋਵੇ | ਸਾਰਾ ਪਰਿਵਾਰ ਰਾਤ ਹੋਣ ਨਾਲ ਹੋਰ ਮਾਯੂਸ ਹੋ ਗਏ |

ਅੱਜ ਦੂਜਾ ਦਿਨ ਚੜਿ੍ਹਆ ਫੇਰ ਮਨ ਭਟਕਿਆ ਕਿ ਇੱਕ ਕੋਸ਼ਿਸ਼ ਫੇਰ ਕੀਤੀ ਜਾਵੇ | ਮਾਲਕ ਤੇ ਘਰਵਾਲੀ ਨੇ ਫੇਰ ਉਨ੍ਹਾਂ ਰਸਤਿਆਂ ਨੂੰ ਦੇਖਣਾ ਸ਼ੁਰੂ ਕੀਤਾ | ਉਨ੍ਹਾਂ ਰਾਹਾਂ 'ਤੇ ਜਾ ਕੋਸ਼ਿਸ ਕੀਤੀ ਕਿ ਸ਼ਾਇਦ ਕੀਤੇ ਹੀਰਾ ਨਜ਼ਰ ਪੈ ਜਾਵੇ | ਰਸਤੇ ਵਿਚ ਲੰਘਦੇ ਰਾਹਗੀਰਾਂ ਨੇ ਮਾਲਕਣ ਨੂੰ  ਕਈ ਤਰ੍ਹਾਂ ਦੇ ਸਵਾਲ ਕੀਤੇ, ਕਿ ਗੱਲ ਹੋ ਗਈ ਹੈ ਕਿ ਖੋਹ ਗਿਆ ਹੈ | ਨਾਲ ਦੇ ਗੁਆਂਢੀ ਵੀ ਉਨ੍ਹਾਂ ਦੀ ਚਿੰਤਾ ਦੇਖ ਬਾਹਰ ਆ ਗਏ ਤੇ ਸਵਾਲ ਪੁੱਛਣ ਲੱਗ ਪਏ | ਇੰਝ ਪੱਤਾ- ਪੱਤਾ ਕਿਉਂ ਦੇਖ ਰਹੇ ਸੀ, ਮਾਂਲਕਣ ਨੇ ਅੰਤ ਝੂਠ ਦੱਸਿਆ ਕਿ ਕੁਝ ਸੋਨੇ ਦਾ ਡਿੱਗ ਗਿਆ ਹੈ ਉਸ ਨੂੰ ਲੱ ਭਣ ਦੀ ਕੋਸ਼ਿਸ ਕਰ ਰਹੇ ਹਾਂ | ਪਰ ਇਹ ਜ਼ਾਹਿਰ ਨਹੀਂ ਸੀ ਕਰਨਾ ਚਾਹਿਆ ਕਿ ਇਸ ਥਾਂ ਦੇ ਆਸੇ ਪਾਸੇ ਸਾਡੀ ਕੋਈ ਕੀਮਤ ਚੀਜ਼ ਹੀਰਾ ਗੁਵਾਚ ਗਈ ਹੈ | ਮਾਲਕਣ ਇਸ ਗੱਲ ਨੂੰ  ਛੁਪਾ ਕੇ ਰੱਖਣਾ ਚਾਹੁੰਦੀ ਹੈ | ਇਸ ਬੇਚੈਨੀ 'ਚ ਕਈ ਦਿਨ ਲੰਘ ਗਏ |

ਅੰਤ ਅਨਮੋਲ ਚੀਜ਼ਾਂ ਦੀ ਖਾਹਿਸ਼ ਤਾਂ ਚੰਗੀ ਗੱਲ ਹੈ ਪਰ ਜੇਕਰ ਜ਼ਰੂਰਤ ਤੋਂ ਜ਼ਿਆਦਾ ਚੀਜ਼ਾਂ ਸੰਭਾਲ ਕਿ ਰੱਖਣਾ ਤੇ ਸੋਚਣਾ ਕਿ ਆਉਣ ਵਾਲੇ ਸਮੇਂ ਕੰਮ ਆਉਣਗੀਆਂ ਤਾਂ ਜਰੂਰੀ ਵੀ ਨਹੀਂ ਕਿ ਇਹ ਅਨਮੋਲ ਚੀਜ਼ਾਂ ਔਖੇ ਵੇਲੇ ਕੰਮ ਹੀ ਆਉਣਗੀਆਂ | ਅਨਮੋਲ ਹੀਰਾ ਕਿਸੇ ਗਰੀਬ ਜਾਂ ਮਰੀਜ਼ ਦੇ ਲੇਖੇ ਲੱਗ ਜਾਂਦਾ  ਤਾਂ ਉਸ ਤੋਂ ਸਾਨੂੰ ਕਿੰਨੀਆਂ ਦੁਆਵਾਂ ਮਿਲਦੀਆਂ | ਅੱਜ ਇਹ ਗੁਵਾਚੀ ਚੀਜ਼ ਨੂੰ  ਦੱਸਣ ਵਿਚ ਵੀ ਅਸੀਂ ਗੁਰੇਜ਼ ਕਰ ਰਹੇ ਹਾਂ | ਜੇਕਰ ਅਨਮੋਲ ਚੀਜ਼ ਕਿਸੇ ਜ਼ਰੂਰਤਮੰਦ ਦੇ ਕੰਮਾਂ ਵਿਚ ਲਾ ਦਿੰਦੇ ਤਾਂ ਅਸੀਂ ਹਰ ਰੋਜ਼ ਸਾਕੂਨ ਦੀ ਜ਼ਿੰਦਗੀ ਜਿਊਦੇ ਨਾ ਕਿ ਅੱਜ ਹੀਰੇ ਦੇ ਗੁਵਾਚਣ ਸਮੇਂ ਘਬਰਾਏ ਫਿਰਦੇ |ਇਸ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ | ਇੱਕਠੀ ਕੀਤੀ ਧੰਨ ਦੌਲਤ ਸਭ ਮਿੱਟੀ ਹੈ | ਸਾਨੂੰ ਖੁਦ ਨੂੰ  ਪਤਾ ਨਹੀਂ ਕਿ ਕਿਸੇ ਸਮੇਂ ਇਹ ਅਨਮੋਲ ਖਜ਼ਾਨੇ ਸਾਡੇ ਹੱਥੋਂ ਛੁੱਟ ਜਾਣੇ ਹਨ | ਕਿਉਂ ਨਾ ਅਜਿਹੀ ਦੌਲਤ ਇੱਕਠੀ ਕਰਨ ਦੀ ਬਜਾਏ ਕੁਝ ਨਾ ਕੁਝ ਦਾਨ ਕਰ ਮਰੀਜ਼ਾਂ, ਗਰੀਬਾਂ, ਜਾਨਵਰਾਂ ਬੇਸਹਰਿਆਂ , ਬਜ਼ੁਰਗਾਂ, ਅਪੰਗਾਂ ਆਦਿ ਦੀ ਸੇਵਾ ਕਰ ਉਨ੍ਹਾਂ ਦਾ ਸਹਾਰਾ ਬਣਈਏ ਜਿਥੇ ਅਨਮੋਲ ਹੀਰਿਆਂ ਵਰਗੀਆਂ ਦੁਆਵਾਂ ਹਾਸਿਲ ਹੋਣਗੀਆਂ | ਇਹ ਨਾ ਹੋਵੇ ਕਿ ਕਮਾਈ ਕਰਦੇ ਕਰਦੇ ਇਹ ਅਖਾਣ ਢੁੱਕ ਜਾਵੇ ਕਿ ''ਅੰਬਾਂ ਦੀ ਕਮਾਈ ਨਿੰਬੂਆਂ ਵਿਚ ਗੁਵਾਈ'' |  


ਬਲਜਿੰਦਰ ਕੌਰ ਸ਼ੇਰਗਿੱਲ 


1 comment:

ਮੈਂ ਤੇ ਹਵਾਵਾਂ

ਇੱਕ ਦਿਨ ਹਵਾਵਾਂ ਕੋਲੋਂ ਦੀ ਲੰਘੀਆਂ ਮੈਂ ਹਵਾਵਾਂ ਨੂੰ ਪੁੱਛਿਆ, ਨੀਂ ਦੱਸੋ ਮੈਨੂੰ ਵੀ ਕਰਦਾ ਕੋਈ ਯਾਦ| ਹਵਾਵਾਂ ਹੱਸੀਆਂ ਤੇ ਬੋਲੀਆਂ, ਤੂੰ ਜਿਸ ਨੂੰ ਮਿਲਣਾ, ਉਹ ਰਾਹਾਂ ਬ...